ਪੁਲਿਸ ਨੇ ਅਨਮੋਲ ਮਾਨ ਤੇ ਸੁਰਜੀਤ ਖਾਨ ਕਿਉਂ ਸੱਦੇ ਥਾਣੇ ?…

ਪੁਲਿਸ ਨੇ ਅਨਮੋਲ ਮਾਨ ਤੇ ਸੁਰਜੀਤ ਖਾਨ ਕਿਉਂ ਸੱਦੇ ਥਾਣੇ ?…

ਡਾਇਰੈਕਟਰ ਜਨਰਲ ਪੰਜਾਬ ਪੁਲਿਸ(ਡੀ.ਜੀ.ਪੀ) ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੁਲਿਸ ਵੱਲੋਂ ਗਾਇਕਾਂ/ਕਲਾਕਾਰਾਂ ਨਾਲ ਮੀਟਿੰਗ ਕੀਤੀ ਗਈ। ਐਸ.ਐਸ.ਪੀ ਮੋਹਾਲੀ ਕੁਲਦੀਪ ਸਿੰਘ ਚਾਹਲ ਨੇ ਮੀਟਿੰਗ ਕਰਵਾਉਣ ਦਾ ਮੁੱਖ ਮੰਤਵ ਦੱਸਦਿਆਂ ਕਿਹਾ ਕਿ ਕੁਝ ਗਾਇਕ ਆਪਣੇ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰ ਰਹੇ ਹਨ, ਜਿਸ ਨਾਲ ਨੌਜਵਾਨਾਂ ‘ਤੇ ਮਾੜਾ ਪ੍ਰਭਾਵ ਪੈਂਦਾ ਹੈ ਤੇ ਇਸ ਨੂੰ ਰੋਕਣਾ ਬਹੁਤ ਜ਼ਰੂਰੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਨੇ ਇਹ ਪਹਿਲ ਕਦਮੀ ਕੀਤੀ ਹੈ ਤਾਂ ਜੋ ਇਸ ਮਾੜੇ ਰੁਝਾਨ ਨੂੰ ਰਹਿੰਦੇ ਸਮੇਂ ‘ਚ ਹੀ ਠੱਲ੍ਹ ਪਾਈ ਜਾ ਸਕੇ। ਡੀ.ਜੀ.ਪੀ ਸੁਰੇਸ਼ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੁਲਦੀਪ ਸਿੰਘ ਐਸ.ਐਸ.ਪੀ ਮੋਹਾਲੀ ਵੱਲੋਂ ਸੱਦੀ ਗਈ ਇਸ ਮੀਟਿੰਗ ਵਿੱਚ ਗਾਇਕ ਸੁਰਜੀਤ ਖਾਨ, ਗਿੱਲ ਹਰਦੀਪ, ਅਨਮੋਲ ਗਗਨ ਮਾਨ, ਰਾਜਬੀਰ ਢਿਲੋਂ, ਸ਼ਮਿੰਦਰ ਸ਼ਮੀ, ਸਮੀਰ ਸਮੇਤ ਹੋਰ ਕਲਾਕਾਰ ਵੀ ਮੌਜੂਦ ਸਨ।

ਕਲਾਕਾਰਾਂ ਨੇ ਕਿਹਾ ਕਿ ਗਾਇਕਾਂ ਵੱਲੋਂ ਗਾਣਿਆਂ ਅਤੇ ਵੀਡੀਓ ਰਾਹੀਂ ਪੰਜਾਬ ਵਿੱਚ ਨਸ਼ਾ, ਗੈਂਗਸਟਰਾਂ ਅਤੇ ਬੰਦੂਕਾਂ ਦੇ ਸਭਿਆਚਾਰ ਨੂੰ ਉਤਸ਼ਾਹਿਤ ਕਰਨਾ ਬਹੁਤ ਗ਼ਲਤ ਹੈ ਤੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਹਿੱਤ ਵਿੱਚ ਅਜਿਹੇ ਗਾਣਿਆਂ ‘ਤੇ ਰੋਕ ਲੱਗਣੀ ਜ਼ਰੂਰੀ ਹੈ। ਉਨ੍ਹਾਂ ਨੇ ਇਸ ਸਬੰਧੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਇਸ ਪਹਿਲ ਕਦਮੀ ਦੀ ਭਰਪੂਰ ਸ਼ਲਾਘਾ ਕੀਤੀ।

ਕਲਾਕਾਰਾਂ ਨੇ ਬੰਦੂਕ, ਗੈਂਗਸਟਰ ਅਤੇ ਨਸ਼ਿਆਂ ਦਾ ਗੁਣਗਾਨ ਕਰਨ ਵਾਲੇ ਗੀਤ ਨਾ ਗਾਉਣ ਦਾ ਭਰੋਸਾ ਵੀ ਦਿੱਤਾ। ਜ਼ਿਲ੍ਹਾ ਪੁਲਿਸ ਮੁਖੀ ਚਾਹਲ ਨੇ ਕਿਹਾ ਕਿ ਗਾਇਕਾਂ ਨੂੰ ਸਮਾਜ ਪ੍ਰਤੀ ਆਪਣੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਗੈਰ ਸਮਾਜਿਕ ਗਾਣੇ ਗਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਗਾਇਕ ਅਤੇ ਕਲਾਕਾਰ ਅੱਗੇ ਵੱਧ ਕੇ ਸੂਬੇ ਵਿੱਚ ਇਕ ਸਕਰਾਤਮਕ ਮਾਹੌਲ ਤਿਆਰ ਕਰਨ ਤਾਂ ਜੋ ਸੂਬੇ ਦਾ ਨੌਜਵਾਨ ਭਟਕ ਨਾ ਸਕੇ ਅਤੇ ਨੌਜਵਾਨਾਂ ਵਿੱਚ ਅਜਿਹੇ ਗੀਤਾਂ ਦੇ ਪੈਂਦੇ ਮਾੜੇ ਪ੍ਰਭਾਵ ਨੂੰ ਰੋਕਿਆ ਜਾ ਸਕੇ।

ਉਨ੍ਹਾਂ ਕਿਹਾ ਕਿ ਇਹ ਸਾਡੇ ਸਾਰਿਆਂ ਦੀ ਨੈਤਿਕ ਜਿੰਮੇਵਾਰੀ ਹੈ ਕਿ ਅਸੀਂ ਇਹ ਯਕੀਨੀ ਬਣਾਈਏ ਕਿ ਨੌਜਵਾਨ ਹਮੇਸ਼ਾਂ ਸਹੀ ਰਾਹ ‘ਤੇ ਚੱਲਣ ਤੇ ਅੱਗੇ ਵੱਧ ਕੇ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਯੋਗਦਾਨ ਪਾਉਣ।


Posted

in

by

Tags: