ਇਕ ਉਦਾਸ ਕੁੜੀ – ਪਰਮਿੰਦਰ ਸੋਢੀ
ਅੱਜ-ਕਲ ਉਹ ਕੁੜੀ ਬਹੁਤ ਉਦਾਸ ਰਹਿੰਦੀ ਹੈ
ਨ ਕਦੇ ਰੋਂਦੀ ਹੈ, ਨਾ ਮੁਸਕੁਰਾਂਦੀ ਹੈ
ਬਸ ਗਈ ਰਾਤ ਤੱਕ ਕੋਈ ਨਗ਼ਮਾ ਗੁਣਗੁਣਾਂਦੀ ਹੈ
ਉਂਝ ਉਹ ਜਦ ਕਦੇ ਵੀ ਘਰ ਤੋਂ ਬਾਹਰ ਆਉਂਦੀ ਹੈ
ਸੜਕ ਤੇ ਖੇਡਦੀ ਨਿੱਕੀ ਫਰਾਕ ਵਾਲੀ ਬੱਚੀ
ਮੋੜ ਤੇ ਖੜੀ ਤਿੜਕੇ ਚਿਹਰੇ ਵਾਲੀ ਭਿਖਾਰਨ
ਉਸਨੂੰ ਇਹ ਸਭ ਆਪਣਾ ਵਜੂਦ ਲੱਗਦਾ ਹੈ
ਉਸਨੂੰ ਇਹ ਸਭ ਕੁਝ ਬੜਾ ਅਜੀਬ ਲੱਗਦਾ ਹੈ
ਅੱਜ-ਕਲ ਉਹ ਕੁੜੀ ਬਹੁਤ ਉਦਾਸ ਰਹਿੰਦੀ ਹੈ
ਨਜ਼ਮਾਂ ਸੁਣਦੀ, ਪੜਦੀ ਤੇ ਲਿਖਦੀ ਹੈ
ਤੇ ਜਦ ਇਨ੍ਹਾਂ ਨਜ਼ਮਾਂ ਨੂੰ ਤਨਹਾ ਹੋਣ ’ਤੇ ਗਾਉਂਦੀ ਹੈ
ਆਪ ਪਤਾ ਨਹੀਂ ਕਦੋਂ ਇਨ੍ਹਾਂ ’ਚੋਂ ਮਨਫੀ ਹੋ ਜਾਂਦੀ ਹੈ
ਉਹ ਆਪਣੇ ਆਪ ਨੂੰ ਖ਼ਤ ਲਿਖਦੀ ਹੈ
ਪਰ ਦੋਸਤਾਂ ਨੂੰ ਪੋਸਟ ਕਰ ਆਉਂਦੀ ਹੈ
ਅੱਜ-ਕਲ ਉਹ ਕੁੜੀ ਬਹੁਤ ਉਦਾਸ ਰਹਿੰਦੀ ਹੈ
ਧੁੱਪਾਂ ਦੀ ਗੱਲ ਕਰਦੀ ਕਰਦੀ
ਸਰਦ ਸ਼ਹਿਰਾਂ ਦਾ ਜ਼ਿਕਰ ਲੈ ਆਉਂਦੀ ਹੈ
ਸੂਰਜ ਦੇ ਗੀਤ ਗਾਉਂਦੀ ਹੈ
ਉਂਝ ਅਕਸਰ ਬਰਫ਼ ਦੀ ਜੂਨ ਹੰਢਾਉਂਦੀ ਹੈ
ਅੱਜ-ਕਲ ਉਹ ਕੁੜੀ ਬਹੁਤ ਉਦਾਸ ਰਹਿੰਦੀ ਹੈ
ਸਿਖਰ ਦੁਪਹਿਰੇ ਜਦ ਇਕ ਇਕ ਪਲ
ਉਸ ਕੋਲ ਆ ਕੇ ਖੁਦਕਸ਼ੀ ਕਰਨ ਲੱਗਦਾ ਹੈ
ਤਾਂ ਉਹ ਘਬਰਾ ਕੇ ਸੜਕਾਂ ’ਤੇ ਨਿਕਲ ਪੈਂਦੀ ਹੈ
ਸਾਰੇ ਸਹਿਰ ਦੀ ਤਪਸ਼ ਨੂੰ
ਆਪਣੇ ਮੋਮੀ ਪਿੰਡੇ ’ਤੇ ਹੰਡਾਉਂਦੀ ਹੈ
ਲੋਕ ਉਸਨੂੰ ਬੰਸਰੀ ਦੀ ਧੁਨ ਆਖਦੇ ਨੇ
ਪਰ ਉਹ ਤਾਂ ਮੋਨ ਸਿਸਕੀ ਵਾਂਗ ਥਰਥਰਾਂਦੀ ਹੈ
ਅੱਜ-ਕਲ ਉਹ ਕੁੜੀ ਬਹੁਤ ਉਦਾਸ ਰਹਿੰਦੀ ਹੈ
ਹੁਣ ਉਹ ਜਦ ਵੀ ਮਿਲਦੀ ਹੈ
ਬੜੀ ਹੀ ਅਜੀਬ ਜਿਹੀ ਲੱਗਦੀ ਹੈ
ਹੱਸਦੀ ਹੱਸਦੀ ਰੋਣ ਲੱਗ ਪੈਂਦੀ ਹੈ
ਤੇ ਰੋਂਦੀ ਰੋਂਦੀ ਹੱਸ ਪੈਂਦੀ ਹੈ…….
ਮੇਰੇ ਇਹ ਆਖਣ ’ਤੇ ਕਿ
ਤੂੰ ਮੇਰੀਆਂ ਅੱਖਾਂ ’ਚ ਫੁੱਲਾਂ ਵਰਗੇ
ਸੁਪਨੇ ਬੀਜ ਸਕਦੀ ਏਂ –
ਮੈਂ ਚਾਹੁੰਦਾ ਹਾਂ, ਤੂੰ ਮੇਰੇ ਮੱਥੇ ’ਚ
ਸੂਰਜ-ਮੁਖੀ ਬਣ ਕੇ ਖਿੜੇਂ
ਤੇ ਕਿੰਨਾ ਚੰਗਾ ਹੋਵੇ
ਜੇ ਤੂੰ ਮੇਰੇ ਘਰ ਆਵੇਂ
ਕਿਉਂਕਿ ਮੈਨੂੰ ਅਕਸਰ
ਤੇਰੀ ਉਡੀਕ ਰਹਿੰਦੀ ਹੈ
ਪਰ ਜੁਆਬ ਵਿਚ……
ਉਹ ਹੋਰ ਵੀ ਗੁੰਮ ਸੁੰਮ ਹੋ ਜਾਂਦੀ ਹੈ
ਉਸਦੇ ਚਿਹਰੇ ਵੱਲ ਵੇਖਿਆਂ ਲੱਗਦਾ ਏ
ਜਿਵੇਂ ਉਸਦੀ ਅੱਖ ’ਚ
ਕੋਈ ਪਰਿੰਦਾ ਖੁਦਕੁਸ਼ੀ ਕਰ ਗਿਆ ਹੋਵੇ……
ਅੱਜ-ਕਲ ਉਹ ਕੁੜੀ ਬਹੁਤ ਉਦਾਸ ਰਹਿੰਦੀ ਹੈ