ਪੰਦਰਾਂ ਸਾਲ ਤੋਂ ਬਿਆਸ ਦਰਿਆ ਵਿੱਚ ਬੇੜ੍ਹੀ ਚਲਾਓਣ ਵਾਲੇ ਦੀ ਜਿੰਦਗੀ ਦੀ ਕਹਾਣੀ ..
ਬਿਆਸ ਦਰਿਆ ਦੇ ਨਾਲ ਨਾਲ ਨਲਕੇ ਲੱਗੇ ਹੋਏ ਨੇ ਅਤੇ ਆਮ ਲੋਕ ਇਨ੍ਹਾਂ ਨਲਕਿਆਂ ਤੋਂ ਹੀ ਪਾਣੀ ਭਰਦੇ ਆ। ਪਰ ਜੈਮਲ ਸਿੰਘ ਦਰਿਆ ਵਿੱਚੋਂ ਸਿੱਧਾ ਚੂਲੀ ਭਰਕੇ ਪਾਣੀ ਪੀਂਦਾ ਹੈ । ਜੈਮਲ ਸਿੰਘ ਪਿੰਡ ਕਰਮੂਵਾਲਾ ਦਾ ਰਹਿਣ ਵਾਲਾ ਹੈ ਅਤੇ ਕਰਮੂਵਾਲਾ ਪੱਤਣ ਤੇ ਉਸ ਦੀਆਂ ਤਿੰਨ ਬੇੜੀਆਂ ਚੱਲਦੀਆਂ ਹਨ। ਉਹ ਪੰਦਰਾਂ ਸਾਲ ਤੋਂ ਬੇੜੀਆਂ ਚਲਾ ਰਿਹਾ ਹੈ ।
ਜੈਮਲ ਸਿੰਘ ਕਹਿੰਦਾ ਹੈ ਕਿ ਜਦੋਂ ਵੀ ਉਸ ਨੂੰ ਤੇਹ ਲੱਗਦੀ ਹੈ ਤਾਂ ਉਹ ਬਿਆਸ ਦਰਿਆ ਵਿੱਚੋਂ ਚੂਲੀ ਭਰ ਕੇ ਪਾਣੀ ਪੀ ਲੈਂਦਾ ਹੈ । ਉਹ ਦੁਪਹਿਰ ਦੀ ਰੋਟੀ ਵੀ ਦਰਿਆ ‘ਤੇ ਬਹਿ ਕੇ ਹੀ ਖਾਂਦਾ ਹੈ । ਉਸ ਦਾ ਕਹਿਣਾ ਹੈ ਕਿ ਬਿਆਸ ਦਰਿਆ ਦਾ ਪਾਣੀ ਹਾਜਮੇ ਵਾਸਤੇ ਬਹੁਤ ਚੰਗਾ ਹੈ ਅਤੇ ਕਈ ਲੋਕ, ਜੋ ਇਸ ਬਾਰੇ ਜਾਣਦੇ ਹਨ, ਉਹ ਨਲਕੇ ਨੂੰ ਵਿਚੋਲਾ ਨਹੀਂ ਪਾਉਂਦੇ ਅਤੇ ਸਿੱਧਾ ਦਰਿਆ ਤੋਂ ਕੈਨੀਆਂ ਵਿੱਚ ਪਾਣੀ ਭਰ ਕੇ ਲੈ ਕੇ ਜਾਂਦੇ ਹਨ। ਜਿਸ ਥਾਂ ਤੇ ਜੈਮਲ ਸਿੰਘ ਬੇੜੀ ਚਲਾਉਂਦਾ ਹੈ ਉਥੇ ਡਾਲਫਿੰਸ ਵੀ ਰਹਿੰਦੀਆਂ ਹਨ । ਉਹ ਅਕਸਰ ਡਾਲਫਿੰਸ ਨੂੰ ਖੇਡਦਿਆਂ ਦੇਖਦਾ ਹੈ।
ਪਰ ਜਿਸ ਦਿਨ ਤੋਂ ਬਿਆਸ ਵਿੱਚ ਸੀਰੇ ਨਾਲ ਘੁਲਿਆ ਪਾਣੀ ਆਇਆ ਹੈ ਤਾਂ ਹੁਣ ਜੈਮਲ ਸਿੰਘ ਦਾ ਵਿਸ਼ਵਾਸ ਟੁੱਟਦਾ ਜਾ ਰਿਹਾ ਹੈ । ਉਹ ਕਹਿੰਦਾ ਹੈ ਕਿ ਉਸ ਨੂੰ ਨਹੀਂ ਪਤਾ ਕਿ ਹੁਣ ਉਹ ਅੱਗੇ ਤੋਂ ਬਿਆਸ ਦਰਿਆ ਦਾ ਪਾਣੀ ਪੀਣ ਦੀ ਹਿੰਮਤ ਕਰ ਵੀ ਸਕੇਗਾ ਜਾਂ ਨਹੀਂ । ਪਰਮਾਤਮਾ ਉਸ ਨੂੰ ਫੇਰ ਤੋਂ ਬਿਆਸ ਵਿੱਚੋਂ ਸਿੱਧਾ ਚੂਲੀ ਭਰ ਕੇ ਪਾਣੀ ਪੀਣ ਦਾ ਬਲ ਬਖਸ਼ੇ।
ਫੇਰ ਵੀ ਜੈਮਲ ਸਿੰਘ ਨੂੰ ਮਿਲ ਕੇ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਹਾਲੇ ਵੀ ਸੱਭ ਕੁੱਝ ਖਤਮ ਨਹੀਂ ਹੋਇਆ। ਬਹੁਤ ਕੁੱਝ ਬਚਾਇਆ ਜਾ ਸਕਦਾ ਹੈ। ਪਰ ਹਿੱਮਤ ਕਰਨੀ ਪਊ। ਤਾਮਿਲਨਾਡੂ ਵਾਲਿਆਂ ਵਾਂਗੂ ਹਿੱਕ ਤੇ ਗੋਲੀਆਂ ਵੀ ਖਾਣੀਆਂ ਪੈ ਸਕਦੀਆਂ।
News : Kamaldeep Singh Brar