KisaanPunjabi Virsa:ਪੰਜਾਬ ਦੇ ਗੀਤਕਾਰ ਪੰਜਾਬ ਦੀ ਆਵਾਜ਼ ਹੁੰਦੇ ਹਨ, ਜਿਹਨਾਂ ਨੂੰ ਪੰਜਾਬ ਦੇ ਖ਼ਾਸ ਮਸਲਿਆਂ ਨੂੰ ਉਭਾਰਨਾ ਚਾਹੀਦਾ ਹੈ ਪਰ ਅੱਜ ਦੇ ਨੌਜਵਾਨ ਗਾਇਕ ਨਾ ਜਾਣੇ ਕਿਸ ਰਸਤੇ ‘ਤੇ ਚੱਲ ਪਏ ਹਨ। ਪੰਜਾਬ ਵਿੱਚ ਕਈ ਗੰਭੀਰ ਮਸਲੇ ਹਨ ਜਿਹਨਾਂ ‘ਤੇ ਗਾਇਆ ਜਾ ਸਕਦਾ ਹੈ।
ਗ਼ਰੀਬੀ, ਬੇਰੋਜ਼ਗਾਰੀ ਸਭ ਤੋਂ ਵੱਡਾ ਮਸਲਾ ਹੈ, ਕਿਸ ਤਰ੍ਹਾਂ ਕਰਜ਼ੇ ਹੇਠ ਦੱਬ ਕੇ ਕਿਸਾਨ ਮੌਤ ਨੂੰ ਗਲੇ ਲਗਾ ਰਿਹਾ ਹੈ ਪਰ ਪੰਜਾਬ ਦਾ ਅੰਨਦਾਤਾ ਜੋ ਸਭ ਨੂੰ ਰੋਟੀ ਖਵਾਉਂਦਾ ਹੈ, ਖ਼ੁਦ ਭੁੱਖਾ ਰਹਿ ਕੇ ਦੁੱਖ ਹੰਢਾਅ ਰਿਹਾ ਹੈ।
KisaanPunjabi Virsa
ਕਿੰਨੇ ਅਫਸੋਸ ਦੀ ਗੱਲ ਹੈ ਕਿ ਉਸ ਕਿਸਾਨ ਦਾ ਦਰਦ ਸਮਝਣ ਲਈ ਕਿਸੇ ਕੋਲ ਟਾਈਮ ਨਹੀਂ। ਸਾਡੇ ਪੰਜਾਬ ਦੇ ਵਿੱਚ ਕਿਸਾਨਾਂ-ਮਜ਼ਦੂਰਾਂ ਦੀ ਹਾਲਤ ਇਸ ਕਦਰ ਮਾੜੀ ਹੈ ਕਿ ਉਹ ਮਜ਼ਬੂਰਨ ਮੌਤ ਨੂੰ ਗਲ਼ੇ ਲਗਾ ਰਹੇ ਹਨ। ਜ਼ਿੰਦਗੀ ਨਾਲੋਂ ਜ਼ਿਆਦਾ ਉਹ ਮੌਤ ਨੂੰ ਪਿਆਰ ਕਰਨ ਲੱਗ ਪਏ ਹਨ।ਪੰਜਾਬ ਦੀ ਗਾਇਕੀ ਜਿੱਥੇ ਲੱਚਰਤਾ ਦੇ ਕਾਰਨ ਬਦਨਾਮ ਹੋ ਚੁੱਕੀ ਹੈ, ਉਥੇ ਹੀ ਪੰਜਾਬ ਵਿੱਚ ਕਈ ਅਜਿਹੇ ਗਾਇਕ ਵੀ ਹਨ, ਜਿਹਨਾਂ ਦੀ ਆਵਾਜ਼ ਮਜ਼ਲੂਮਾਂ ਦੀ ਆਵਾਜ਼ ਹੈ। ਸਾਫ਼-ਸੁਥਰੀ ਗਾਇਕੀ ਹੀ ਉਹਨਾਂ ਦੀ ਪਹਿਚਾਣ ਹੈ। ਅਸੀਂ ਗੱਲ ਕਰ ਰਹੇ ਹਾਂ, ਵਾਰਿਸ ਭਰਾਵਾਂ ਦੀ
ਵਾਰਿਸ ਭਰਾਵਾਂ ਦੇ ਨਾਂਅ ਸਭ ਤੋਂ ਜ਼ਿਆਦਾ ਲਾਈਵ ਗਾਇਕੀ ਦਾ ਰਿਕਾਰਡ ਹੈ। ਇਸ ਨਾਲ ਹੀ ਪੰਜਾਬ ਦੇ ਵਿਰਸੇ ‘ਤੇ ਇਹਨਾਂ ਦੀ ਗਾਇਕੀ ਹਰ ਪਾਸੇ ਮਸ਼ਹੂਰ ਹੈ।
ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਦੇ ਮਨਾਂ ਵਿੱਚ ਬੇਹੱਦ ਸਤਿਕਾਰ ਹਾਸਲ ਕਰਨ ਵਾਲੇ ਵਾਰਿਸ ਭਰਾਵਾਂ ਦਾ ਹੁਣ ਨਵਾਂ ਗੀਤ ‘ਕਿਸਾਨੀ’ ਇਨ੍ਹੀਂ ਦਿਨੀਂ ਹਰ ਪਾਸੇ ਚਰਚਾ ਵਿੱਚ ਛਾਇਆ ਹੋਇਆ ਹੈ। ਇਸ ਗੀਤ ਵਿੱਚ ਜਿੱਥੇ ਮਨਮੋਹਨ ਵਾਰਿਸ, ਸੰਗਤਾਰ ਤੇ ਕਮਲ ਹੀਰ ਨੇ ਕਿਸਾਨੀ ਚੁਣੌਤੀਆਂ ਦੀ ਗੱਲ ਕੀਤੀ ਹੈ, ਉਥੇ ਸਰਕਾਰਾਂ ਦੀਆਂ ਨੀਤੀਆਂ ‘ਤੇ ਵੀ ਕਰਾਰੀ ਚੋਟ ਕੀਤੀ ਹੈ।ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ ਸਟੇਜ ‘ਤੇ ਆਏ ਤਾਂ ਸਟੇਜ ‘ਤੇ ਆਉਂਦਿਆਂ ਹੀ ਤਿੰਨਾਂ ਭਰਾਵਾਂ ਨੇ ਸਭ ਤੋਂ ਪਹਿਲਾਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਕਿਸਾਨਾਂ ਦੀਆਂ ਆਰਥਿਕ ਤੰਗੀਆਂ ਕਾਰਨ ਖੁਦਕੁਸ਼ੀਆਂ ਦੇ ਦੁਖਾਂਤ ਦੇ ਦਰਦ ਨੂੰ ਬਿਆਨਦਾ ਗੀਤ ‘ਚਿੱਟੇ ਮੱਛਰ ਨੇ ਖਾ ਲਏ ਸਾਡੇ ਨਰਮੇ, ਫਾਹੇ ਦੀਆਂ ਰੱਸੀਆਂ ਖਾ ਲਿਆ ਕਿਸਾਨ’ ਪੇਸ਼ ਕੀਤਾ।
ਵਾਰਿਸ ਭਰਾਵਾਂ ਨੇ ਇਸ ਤੋਂ ਵੀ ਪਹਿਲਾਂ ਵੀ ਆਪਣੀ ਗੀਤਾਂ ਜ਼ਰੀਏ ਪੰਜਾਬੀ ਸੱਭਿਆਚਾਰ ਅਤੇ ਸਮਾਜਿਕ ਸਰੋਕਾਰਾਂ ਦੀ ਬਾਤ ਪਾਈ ਹੈ। ਵਾਰਿਸ ਭਰਾਵਾਂ ਦਾ ਗੀਤ ‘ਕਿਸਾਨੀ’ ਅਜਿਹੇ ਸਮੇਂ ਦਰਸ਼ਕਾਂ ਦੇ ਰੂਬਰੂ ਹੋਇਆ ਹੈ, ਜਦੋਂ ਪੰਜਾਬ ਦੀ ਕਿਸਾਨੀ ਕਰਜ਼ਾ ਮੁਆ਼ਫੀ ਨੂੰ ਲੈ ਕੇ ਸਰਕਾਰ ਦਾ ਮੂੰਹ ਤੱਕ ਰਹੀ ਹੈ।ਵਾਰਿਸ ਭਰਾਵਾਂ ਦੀ ਨਜ਼ਰ ਵਿੱਚ ਇਹ ਗੀਤ ਸਿਰਫ਼ ਗੀਤ ਨਹੀਂ, ਸਗੋਂ ਕਿਸਾਨਾਂ ਦੇ ਦਿਲਾਂ ਵਿਚ ਉਠ ਰਹੇ ਵਲਵਲੇ ਹਨ, ਜਿਨ੍ਹਾਂ ਨੂੰ ਇਸ ਗੀਤ ਵਿਚ ਪਰੋਇਆ ਗਿਆ ਹੈ। ਵਾਰਿਸ ਭਰਾ ਖ਼ੁਦ ਕਿਸਾਨ ਪਰਿਵਾਰ ਨਾਲ ਸਬੰਧਤ ਹਨ, ਇਸ ਲਈ ਉਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਮਿੱਟੀ ਨਾਲ ਮਿੱਟੀ ਹੋਣ ਵਾਲਾ ਕਿਸਾਨ ਕਿਸ ਹਾਲਤ ਵਿਚ ਆਪਣੀ ਜ਼ਿੰਦਗੀ ਬਸ਼ਰ ਕਰ ਰਿਹਾ ਹੈ। ਧੁੱਪ, ਛਾਂ ਦੀ ਪ੍ਰਵਾਹ ਨਾ ਕਰਨ ਵਾਲਾ ਪੰਜਾਬ ਦਾ ਕਿਸਾਨ ਕਿਵੇਂ ਫੁੱਟਬਾਲ ਵਾਂਗ ਸੂਬਾ ਸਰਕਾਰਾਂ ਵੱਲੋਂ ਕੇਂਦਰ ਤੇ ਕੇਂਦਰ ਵੱਲੋਂ ਸੂਬਾ ਸਰਕਾਰਾਂ ਦੇ ਪਾਲ਼ੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਪਰ ਫਿਰ ਵੀ ਉਸ ਦੇ ਮਸਲੇ ਹੱਲ ਨਹੀਂ ਹੁੰਦੇ।‘ਕਿਸਾਨੀ’ ਗੀਤ ਸਬੰਧੀ ਗੱਲਬਾਤ ਕਰਦਿਆਂ ਮਨਮੋਹਨ ਵਾਰਿਸ ਤੇ ਕਮਲ ਹੀਰ ਨੇ ਕਿਹਾ ਕਿ ਇਹ ਗੀਤ ਸਾਡੇ ਪੰਜਾਬ ਦੇ ਕਿਸਾਨਾਂ ਦੀ ਤਰਜ਼ਮਾਨੀ ਕਰਨ ਵਾਲਾ ਗੀਤ ਹੈ। ਇਸ ਗੀਤ ਨੂੰ ਗਾ ਕੇ ਉਨ੍ਹਾਂ ਇਹ ਮਹਿਸੂਸ ਕੀਤਾ ਹੈ, ਜਿਵੇਂ ਉਹ ਖੁਦਕੁਸ਼ੀ ਪੀੜਤ ਪਰਿਵਾਰਾਂ ਦੇ ਘਰਾਂ ਵਿੱਚ ਜਾ ਕੇ ਉਨ੍ਹਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰ ਰਹੇ ਹੋਣ। ਜਿਵੇਂ ਉਨ੍ਹਾਂ ਨੇ ਆਪਣੇ ਵੱਡੇ ਵਡੇਰਿਆਂ, ਪਿੰਡ ਅਤੇ ਪੰਜਾਬ ਵਸਦੇ ਸਾਰੇ ਕਿਸਾਨਾਂ ਦਾ ਦਰਦ ਖ਼ੁਦ ਆਪਣੇ ਪਿੰਡੇ ‘ਤੇ ਹੰਢਾਇਆ ਹੋਵੇ। ਇਹੋ ਜਿਹੇ ਗੀਤ ਉਨ੍ਹਾਂ ਇਸ ਤੋਂ ਪਹਿਲਾਂ ਵੀ ਗਾਏ ਹਨ ਅਤੇ ਗਾਉਂਦੇ ਵੀ ਰਹਿਣਗੇ।ਮਨਮੋਹਨ ਵਾਰਿਸ ਨੇ ਕਿਹਾ ਕਿ ਇਸ ਗੀਤ ਨੂੰ ‘ਗਿੱਲ ਰੌਂਤੇ ਵਾਲਾ’ ਨੇ ਲਿਖਿਆ ਹੈ ਅਤੇ ਸੰਗੀਤ ਸੰਗਤਾਰ ਦਾ ਹੈ। ‘ਪੰਜਾਬੀ ਵਿਰਸਾ 2017’ ਸ਼ੋਅ ਜੋ ਮੈਲਬਰਨ ਵਿੱਚ ਹੋਇਆ ਸੀ, ਵਿੱਚ ਇਹ ਗੀਤ ਦਰਜ ਹੈ। ਇਸ ਨੂੰ ਹੁਣੇ ਜਿਹੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦੁਨੀਆ ਭਰ ਵਿੱਚ ਵਸਦੇ ਕਿਸਾਨੀ ਨਾਲ ਹਮਦਰਦੀ ਰੱਖਣ ਵਾਲੇ ਪੰਜਾਬੀਆਂ ਵੱਲੋਂ ਪਹਿਲੇ ਦਿਨ ਹੀ ਟਰੈਂਡਿੰਗ ਵਿੱਚ ਲੈ ਆਂਦਾ ਗਿਆ। ਇਹ ਪ੍ਰਾਪਤੀ ਸਾਡੀ ਨਹੀਂ, ਸਗੋਂ ਕਿਸਾਨੀ ਮੰਗਾਂ ਦੇ ਹੱਕ ਵਿਚ ਖੜ੍ਹੇ ਲੋਕਾਂ ਦੀ ਸਾਨੂੰ ਹੌਂਸਲਾ ਅਫ਼ਜ਼ਾਈ ਹੈ।ਕਮਲ ਹੀਰ ਨੇ ਕਿਹਾ ਕਿ ਇਹ ਗੀਤ ਮੈਨੂੰ ਮੇਰੀ ਆਪਣੀ ਕਹਾਣੀ ਜਾਪਦਾ ਹੈ। ਮੈਨੂੰ ਗਾਉਣ ਵੇਲ਼ੇ ਵੀ ਤੇ ਹੁਣ ਵੀ ਇਉਂ ਲੱਗਦਾ, ਜਿਵੇਂ ਇਹ ਮੇਰੇ ਹੱਢੀਂ ਹੰਢਾਏ ਪਲ਼ਾਂ ਦੀ ਕਹਾਣੀ ਹੋਵੇ। ਉਨ੍ਹਾਂ ਕਿਹਾ ਕਿ ਇਸ ਦਾ ਫ਼ਿਲਮਾਂਕਣ ਸੰਦੀਪ ਸ਼ਰਮਾ ਵੱਲੋਂ ਕੀਤਾ ਗਿਆ ਹੈ ਅਤੇ ਇਸ ਨੂੰ ਰਿਲੀਜ਼ ‘ਪਲਾਜ਼ਮਾ ਰਿਕਾਰਡਜ਼’ ਵੱਲੋਂ ਕੀਤਾ ਗਿਆ ਹੈ।