ਧਰਤੀ ਦਾ ਸਵਰਗ ਮੰਨੇ ਜਾਂਦੇ ਜੰਮੂ ਕਸ਼ਮੀਰ ਦਾ ਠੰਢਾ ਸੀਤ, ਖ਼ੁਸ਼ਕ ਤੇ ਬਨਸਪਤੀ ਦੀ ਘਾਟ ਵਾਲਾ ਇਲਾਕਾ ਹੈ। ਇਸ ਕਰਕੇ ਇਸ ਨੂੰ ‘ਸੀਤ ਰੇਗਿਸਤਾਨ’ ਵੀ ਕਿਹਾ ਜਾਂਦਾ ਹੈ। ਇਸ ਪਥਰੀਲੇ ਸ਼ੀਤ ਬੀਆਬਾਨ ਵਿੱਚ ਸ੍ਰੀਨਗਰ-ਲੇਹ ਰਾਜ ਮਾਰਗ ਉੱਤੇ ਲੇਹ ਤੋਂ ਕਰੀਬ 26 ਕਿਲੋਮੀਟਰ ਪਹਿਲਾਂ ਗੁਰਦੁਆਰਾ ਪੱਥਰ ਸਾਹਿਬ ਸੁਸ਼ੋਭਿਤ ਹੈ।
ਇਤਿਹਾਸਕ ਦੰਦ ਕਥਾ ਅਨੁਸਾਰ ਇੱਥੇ ਇੱਕ ਉੱਚੀ ਪਹਾੜੀ ਉੱਤੇ ਸ਼ੈਤਾਨ ਦਿਮਾਗ/ਰਾਖ਼ਸ਼ ਬਿਰਤੀ ਵਾਲਾ ਇੱਕ ਸ਼ਕਤੀਸ਼ਾਲੀ ਮਾਨਸ ਰਹਿੰਦਾ ਸੀ, ਜੋ ਆਮ ਲੋਕਾਈ ਨੂੰ ਡਰਾ-ਧਮਕਾ ਕੇ ਉਨ੍ਹਾਂ ਦੇ ਹੱਕਾਂ ਨੂੰ ਕੁਚਲਣਾ ਆਪਣਾ ਜਨਮ ਸਿੱਧ ਅਧਿਕਾਰ ਸਮਝਦਾ ਸੀ। ਭੋਲੇ-ਭਾਲੇ ਲੋਕਾਂ ਨੂੰ ਜਿਸਮਾਨੀ ਅਤੇ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਕਰ ਕੇ ਉਨ੍ਹਾਂ ਦੀ ਕਿਰਤ ਕਮਾਈ ਹੜੱਪਣਾ ਉਸ ਨੇ ਆਪਣਾ ਸ਼ੁਗਲ ਬਣਾ ਰੱਖਿਆ ਸੀ। ਲੋਕ ਉਸ ਦੇ ਅੱਤਿਆਚਾਰ ਤੋਂ ਤੰਗ ਸਨ ਅਤੇ ਉਨ੍ਹਾਂ ਨੂੰ ਕੁਝ ਨਹੀਂ ਸੁੱਝ ਰਿਹਾ ਸੀ ਕਿ ਇਸ ਬਲਾਅ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ?
ਤਸ਼ੱਦਦ ਦੀ ਚੱਕੀ ਵਿੱਚ ਪਿਸ ਰਹੀ ਆਮ ਲੋਕਾਈ ਵਿੱਚ ਕੁਰਲਾਹਟ ਮਚੀ ਹੋਈ ਸੀ। ‘‘ਸੁਣੀ ਪੁਕਾਰ ਪ੍ਰਭ ਦਾਤੇ।।’’ ਅਨੁਸਾਰ ਗੁਰੂ ਨਾਨਕ ਦੇਵ ਜੀ ਉਸ ਸਮੇਂ ਭੁੱਲੇ ਭਟਕੇ ਲੋਕਾਂ ਨੂੰ ਨੇਕ ਕਰਨੀ ਨਾਲ ਜੋੜਨ ਹਿੱਤ ਸੁਮੇਰ ਪਰਬਤ ਤੇ ਇਰਦ-ਗਿਰਦ ਦੀ ਯਾਤਰਾ ਕਰ ਰਹੇ ਸਨ। ਇਸ ਯਾਤਰਾ ਸਮੇਂ ਗੁਰੂ ਜੀ ਨੇ ਸਿੱਧਾਂ ਨਾਲ ਗੋਸ਼ਟੀ (ਅਧਿਆਤਮਕ ਵਿਚਾਰ ਵਟਾਂਦਰਾ) ਰਚਾਈ। ਗ੍ਰਿਹਸਤ ਧਰਮ ਦੀ ਮਹਾਨਤਾ ਉੱਤੇ ਜ਼ੋਰ ਦਿੰਦਿਆਂ ਗੁਰੂ ਜੀ ਨੇ ਕਿਹਾ ਸੀ ਕਿ ਇਸ ਤੋਂ ਬੇਮੁੱਖ ਹੋ ਕੇ ਭੱਜਣਾ ਭਲੇ ਮਨੁੱਖ ਨੂੰ ਸ਼ੋਭਾ ਨਹੀਂ ਦਿੰਦਾ। ਵਾਪਸੀ ਸਮੇਂ ਜਦੋਂ ਗੁਰੂ ਜੀ ਨੂੰ ਪਤਾ ਲੱਗਾ ਕਿ ਲੇਹ ਦੇ ਇਲਾਕੇ ਵਿੱਚ ਇੱਕ ਭੁੱਲਿਆ ਭਟਕਿਆ ਮਨੁੱਖ ਮਨਮਾਨੀਆਂ ਕਰਦਾ ਹੋਇਆ ਹੋਰਨਾਂ ਦੇ ਦੁੱਖਾਂ ਵਿੱਚ ਵਾਧਾ ਕਰ ਰਿਹਾ ਹੈ ਤਾਂ ਉਹ ਉਚੇਚੇ ਤੌਰ’ਤੇ ਇਸ ਇਲਾਕੇ ਵਿੱਚ ਪਹੁੰਚੇ। ਉਨ੍ਹਾਂ ਨੇ ਇੱਥੇ ਚੰਗੇ ਇਨਸਾਨ ਦੇ ਗੁਣਾਂ ਅਤੇ ਪ੍ਰਭੂ ਭਗਤੀ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਇੱਥੋਂ ਦੇ ਲੋਕਾਂ ਨੂੰ ਸ਼ਾਂਤੀ ਮਿਲਣ ਲੱਗੀ ਤੇ ਉਹ ਆਪਣੇ ਰਿਮਪੋਚੇ ਲਾਮਾ (ਮਹਾਂਪੁਰਸ਼/ਸੰਤ/ਮਹਾਤਮਾ/ਸੱਚੇ ਪਾਤਸ਼ਾਹ) ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨਾਲ ਜੁੜਨ ਲੱਗੇ। ਇਸ ਨੂੰ ਵੇਖ ਕੇ ਉਹ ਸ਼ੈਤਾਨ ਵਿਅਕਤੀ ਅੱਗ-ਬਬੂਲਾ ਹੋ ੳੱੁਠਿਆ।
ਇੱਕ ਦਿਨ ਗੁਰੂ ਸਾਹਿਬ ਇੱਥੇ ਵਗਦੇ ਪਾਣੀ ਦੇ ਵਹਿਣ (ਮੌਸਮੀ ਨਦੀ) ਵਿੱਚ ਇਸ਼ਨਾਨ ਕਰਨ ਗਏ ਤਾਂ ਉਸ ਨੇ ਮੌਕਾ ਤਾੜ ਕੇ ਆਪਣੇ ਨਿਵਾਸ ਸਥਾਨ (ਉੱਚੀ ਪਹਾੜੀ) ਤੋਂ ਇੱੱਕ ਭਾਰੀ ਪੱਥਰ ਗੁਰੂ ਜੀ ਵੱਲ ਸੇਧਤ ਕਰ ਕੇ ਰੇੜ ਦਿੱਤਾ। ਕੁਝ ਸਮੇਂ ਬਾਅਦ ਉਹ ਇਹ ਵੇਖਣ ਲਈ ਹੇਠਾਂ ਉੱਤਰਿਆ ਕਿ ਗੁਰੂ ਜੀ ਭਾਰੀ ਪੱਥਰ ਹੇਠਾਂ ਦੱਬ ਕੇ ਜ਼ਿੰਦਾ ਨਹੀਂ ਬਚੇ ਹੋਣੇ ਪਰ ਉਸ ਦੀ ਹੈਰਾਨੀ ਦੀ ਉਸ ਸਮੇਂ ਹੱਦ ਨਾ ਰਹੀ ਜਦੋਂ ਉਸ ਨੇ ਗੁਰੂ ਜੀ ਦਾ ਕੋਈ ਵਾਲ ਵਿੰਗਾ ਹੋਇਆ ਨਹੀਂ ਵੇਖਿਆ। ਉਸ ਨੇ ਪੱਥਰ ੳੱੁਤੇ ਜ਼ੋਰ ਦੀ ਪੈਰ ਮਾਰਿਆ ਤਾਂ ਉਸ ਦਾ ਪੈਰ ਪੱਥਰ ਵਿੱਚ ਇਸ ਤਰ੍ਹਾਂ ਧਸ ਗਿਆ ਜਿਵੇਂ ਇਹ ਪੱਥਰ ਨਹੀਂ ਸਗੋਂ ਮੋਮ ਦਾ ਟੁਕੜਾ ਹੋਵੇ। ਸ਼ਾਂਤੀ ਦੇ ਪੁੰਜ ਗਰੂ ਨਾਨਕ ਦੇਵ ਜੀ ਦਾ ਨੂਰੀ ਚਿਹਰਾ ਦੇਖ ਕੇ ਉਸ ਰਾਖ਼ਸ਼ ਦਾ ਸਾਰਾ ਹੰਕਾਰ ਟੁੱਟ ਗਿਆ ਤੇ ਉਹ ਗੁਰੂ ਜੀ ਦੇ ਚਰਨੀਂ ਢਹਿ ਗਿਆ। ਆਪਣੇ ਕੀਤੇ ਕਰਮਾਂ ਉੱਤੇ ਪਛਤਾਵਾ ਕਰਦਿਆਂ ਉਸ ਨੇ ਚੰਗਾ ਇਨਸਾਨ ਬਣਨ ਦਾ ਪ੍ਰਣ ਕੀਤਾ। ਆਪਣੇ ਕੀਤੇ ਵਾਅਦੇ ’ਤੇ ਫੁੱਲ ਚੜ੍ਹਾਉਂਦਿਆਂ ਉਹ ਭਲੇ ਪੁਰਸ਼ ਵਾਲਾ ਜੀਵਨ ਬਤੀਤ ਕਰਨ ਲੱਗਾ।
ਸੰਨ 1970 ਤੋਂ ਪਹਿਲਾਂ ਇਸ ਗੁਰਦੁਆਰੇ ਬਾਰੇ ਕੋਈ ਜਾਣਕਾਰੀ ਨਹੀਂ ਸੀ ਪਰ ਜਦੋਂ ਨਿਮੂ-ਲੇਹ ਸੜਕ ਬਣਨ ਲੱਗੀ ਤਾਂ ਰਾਹ ਵਿੱਚ ਪੈਂਦੇ ਪੱਥਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਹੋਇਆ। ਉਸ ਸਮੇਂ ਇੱਥੋਂ ਦੇ ਲੋਕਾਂ ਨੇ ਇਸ ਪੱਥਰ ਬਾਰੇ ਇਤਿਹਾਸਕ ਦੰਦ ਕਥਾ ਨੂੰ ਦੁਹਰਾਇਆ ਅਤੇ ਦਾਅਵਾ ਕੀਤਾ ਕਿ ਇਹ ਜਗ੍ਹਾ ਨਾਨਕ ਲਾਹਮਾ ਦੀ ਚਰਨ ਛੋਹ ਪ੍ਰਾਪਤ ਹੈ। ਪਹਿਲਾਂ ਤਾਂ ਕਿਸੇ ਨੇ ਵਿਸ਼ਵਾਸ ਨਾ ਕੀਤਾ ਪਰ ਜਦੋਂ ਇਸ ਪੱਥਰ ਨੂੰ ਹਟਾਉਣ ਦੀ ਕਾਰਵਾਈ ਕੀਤੀ ਜਾਣ ਲੱਗੀ ਤਾਂ ਕੁਝ ਅਜੀਬ ਘਟਨਾਵਾਂ ਵਾਪਰੀਆਂ ਜਿਵੇਂ ਇਸ ਪੱਥਰ ਨੂੰ ਹਟਾਉਣ ਸਮੇਂ ਹਰ ਵਾਰ ਬੁਲਡੋਜ਼ਰ ਵਿੱਚ ਕੋਈ ਨਾ ਕੋਈ ਨੁਕਸ ਪੈ ਜਾਂਦਾ ਸੀ। ਅਖ਼ੀਰ ਇਸ ਜਗ੍ਹਾ ਨੂੰ ਇਤਿਹਾਸਕ / ਧਾਰਮਿਕ ਸਥਾਨ ਮੰਨਦਿਆਂ ਭਾਰਤੀ ਫ਼ੌਜ ਨੇ ਗੁਰਦੁਆਰਾ ਉਸਾਰਨਾ ਸ਼ੁਰੂ ਕਰ ਦਿੱਤਾ ਤੇ ਸੜਕ ਵਿੱਚ ਕੁਝ ਵਿੰਗ ਪਾ ਕੇ ਬਣਾ ਕੇ ਗੁਰਦੁਆਰੇ ਦੀ ਇਮਾਰਤ ਬਣਾ ਦਿੱਤੀ ਗਈ।
ਹੁਣ ਗੁਰਦੁਆਰਾ ਪੱਥਰ ਸਾਹਿਬ ਇੱਕ ਖ਼ੂਬਸੂਰਤ ਇਮਾਰਤ ਦੇ ਰੂਪ ਵਿੱਚ ਜੰਗਲ ਵਿੱਚ ਮੰਗਲ ਦਾ ਪ੍ਰਤੀਕ ਬਣਿਆ ਹੋਇਆ ਹੈ। ਇਸ ਵਿੱਚ ਗੁਰੂ ਜੀ ਦੀ ਛੋਹ ਵਾਲਾ ਪੱਥਰ ਵੀ ਮੌਜੂਦ ਹੈ। ਫ਼ੌਜੀ ਅਧਿਕਾਰੀਆਂ ਦੀ ਰੇਖ ਦੇਖ ਹੇਠ ਪੂਰਨ ਗੁਰ ਮਰਯਾਦਾ ਅਨੁਸਾਰ ਗੁਰਦੁਆਰੇ ਦੀ ਦੇਖਭਾਲ ਕੀਤੀ ਜਾ ਰਹੀ ਹੈ। ਪੰਗਤ ਤੇ ਸੰਗਤ ਦਾ ਪ੍ਰਵਾਹ ਨਿਰੰਤਰ ਜਾਰੀ ਹੈ। ਲੇਹ ਲੱਦਾਖ ਨੂੰ ਜਾਣ ਵਾਲੇ ਦੇਸੀ-ਵਿਦੇਸ਼ੀ ਸੈਲਾਨੀ ਗੁਰੂੁ ਦਰਸ਼ਨ ਕਰ ਕੇ ਲਾਹਾ ਖੱਟ ਰਹੇ ਹਨ। ਇਸ ਗੁਰਦੁਆਰੇ ਵਿੱਚ ਜਿੱਥੇ ਗੁਰਪੁਰਬ ਤੇ ਹੋਰ ਦਿਨ-ਦਿਹਾੜੇ ਮਨਾਏ ਜਾਂਦੇ ਹਨ, ੳੱੁਥੇ ਹਰ ਐਤਵਾਰ ਫ਼ੌਜ ਦੀ ਕਿਸੇ ਨਾ ਕਿਸੇ ਟੁਕੜੀ ਵੱਲੋਂ ਕੀਰਤਨ ਤੇ ਲੰਗਰ ਦਾ ਪ੍ਰਵਾਹ ਚਲਾ ਕੇ ਆਪਣੀ ਅਕੀਦਤ ਦੇ ਫੁੱਲ ਗੁਰੂ ਘਰ ਨੂੰ ਅਰਪਿਤ ਕੀਤੇ ਜਾਂਦੇ ਹਨ।
ਧਾਰਮਿਕ ਅਸਥਾਨ: ਦਾਤਣ ਸਾਹਿਬ ਲੇਹ
ਧਾਰਮਿਕ ਅਸਥਾਨ ਦਾਤਣ ਸਾਹਿਬ ਲੇਹ ਦੇ ਮੇਨ ਬਜ਼ਾਰ ਵਿੱਚ ਸਥਿਤ ਹੈ। ਇੱਥੇ ਇੱਕ ਦਰੱਖ਼ਤ ਸੁਸ਼ੋਭਿਤ ਹੈ, ਜਿਸ ਨੂੰ ਗੁਰੂ ਨਾਨਕ ਦੇਵ ਜੀ ਦੇ ਹੱਥਾਂ ਦੀ ਛੋਹ ਪਾ੍ਰਪਤ ਹੈ। ਇਸ ਸਥਾਨ ਬਾਰੇ ਇਹ ਕਿਹਾ ਜਾਂਦਾ ਹੈ ਕਿ ਆਪਣੀ ਲੇਹ ਯਾਤਰਾ ਸਮੇਂ ਗੁਰੂ ਜੀ ਇਸ ਅਸਥਾਨ ਉੱਤੇ ਬਿਰਾਜੇ ਸਨ। ਦਾਤਣ ਕਰਨ ਮਗਰੋਂ ਜ਼ਮੀਨ ਵਿੱਚ ਦਾਤਣ ਗੱਡਦਿਆਂ ਉਨ੍ਹਾਂ ਇਸ ਬੰਜਰ ਇਲਾਕੇ ਨੂੰ ਹਰਿਆ-ਭਰਿਆ ਹੋਣ ਦਾ ਵਰ ਦਿੱਤਾ ਸੀ। ਉਹ ਦਾਤਣ ਹੀ ਹੁਣ ਇੱਕ ਵਿਸ਼ਾਲ ਦਰੱਖ਼ਤ ਦੇ ਰੂਪ ਵਿੱਚ ਇੱਥੇ ਸੁਸ਼ੋਭਿਤ ਹੈ। ਆਲ਼ੇ-ਦੁਆਲ਼ੇ ਨੂੰ ਤੱਕਦਿਆਂ ਗਹੁ ਨਾਲ ਵੇਖਿਆ ਜਾਵੇ ਤਾਂ ਲੇਹ ਦੇ ਇਸ ਵਿਸ਼ੇਸ਼ ਖਿੱਤੇ ਵਿੱਚ ਆਮ ਨਾਲੋਂ ਵੱਧ ਹਰਿਆਲੀ ਵੇਖਣ ਨੂੰ ਮਿਲਦੀ ਹੈ, ਜੋ ਗੁਰੂ ਜੀ ਵੱਲੋਂ ਦਿੱਤੇ ਵਰ ਦਾ ਪ੍ਰਤੱਖ ਪ੍ਰਮਾਣ ਹੈ। ਇੱਥੇ ਗੁਰਦੁਆਰਾ ਸਾਹਿਬ ਦੀ ਉਸਾਰੀ ਲਈ ਯਤਨ ਜਾਰੀ ਹਨ। ਕਾਰ ਸੇਵਾ ਦਿੱਲੀ ਦੇ ਬਾਬਿਆਂ ਵੱਲੋਂ ਜਗ੍ਹਾ ਖ਼ਰੀਦ ਲਈ ਗਈ ਹੈ ਤੇ ਛੇਤੀ ਹੀ ਇਸ ਜਗ੍ਹਾ ਉੱਤੇ ਗੁਰਦੁਆਰੇ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ।
– ਲਖਵਿੰਦਰ ਸਿੰਘ ਰਈਆ
ਮੋਬਾਈਲ: 98764-74858