ਨਵਜੋਤ ਸਿੱਧੂ ਹੋਣਗੇ ‘ਆਪ’ ‘ਚ ਸ਼ਾਮਲ! ਖਹਿਰਾ ਵੱਲੋਂ ਜੀ ਆਇਆਂ ਨੂੰ..

ਜਲੰਧਰ: ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ, “ਮੇਰੇ ਨਵਜੋਤ ਸਿੱਧੂ ਨੂੰ ਸੱਦਾ ਹੈ ਕਿ ਜੇਕਰ ਉਹ ਵਾਕਈ ਭ੍ਰਿਸ਼ਟਾਚਾਰ ਤੇ ਬਾਦਲਾਂ ਖਿਲਾਫ ਲੜਣਾ ਚਾਹੁੰਦੇ ਹਨ ਤਾਂ ਸਾਡੀ ਪਾਰਟੀ ‘ਚ ਆ ਜਾਣ ਜਾਂ ਸਾਡੇ ਨਾਲ ਹੱਥ ਮਿਲਾਉਣ।”

ਖਹਿਰਾ ਨੇ ਅੱਜ ਇੱਥੇ ਦੱਸਿਆ ਕਿ ਆਉਂਦੀ 3 ਤੇ 4 ਤਰੀਕ ਨੂੰ ਨਗਰ ਨਿਗਮ ਚੋਣਾਂ ਬਾਰੇ ਆਮ ਆਦਮੀ ਪਾਰਟੀ ਦੀ ਬੈਠਕ ਹੋਵੇਗੀ। ਇਸ ਬੈਠਕ ‘ਚ ਚੋਣ ਰਣਨੀਤੀ ਤੇ ਉਮੀਦਵਾਰਾਂ ‘ਤੇ ਵਿਚਾਰ ਚਰਚਾ ਹੋਵੇਗੀ। ਜ਼ਿਮਨੀ ਚੋਣ ਵਿੱਚ ਹੋਈ ਹਾਰ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਖਹਿਰਾ ਨੇ ਕਿਹਾ, “ਅਸੀਂ ਇਹ ਨਹੀਂ ਕਹਿੰਦੇ ਕਿ ਗੁਰਦਾਸਪੁਰ ‘ਚ ਸਾਡੀ ਹਾਰ ਨਹੀਂ ਹੋਈ ਪਰ ਇਲੈਕਸ਼ਨ ਹਾਰਨ ਨਾਲ ਪਾਰਟੀ ਨਹੀਂ ਖ਼ਤਮ ਹੁੰਦੀ।” ਖਹਿਰਾ ਨੇ ਕਿਹਾ ਕਿ ਹੁਣ ਸਹੀ ਤਰੀਕੇ ਨਾਲ ਕੰਮ ਕੀਤੇ ਜਾਣਗੇ।

ਕੈਪਟਨ ਦੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਕਾਰਵਾਈ ਲਈ ਸਬੂਤ ਨਾ ਹੋਣ ਦੀ ਗੱਲ ‘ਤੇ ਖਹਿਰਾ ਨੇ ਕਿਹਾ ਕਿ ਬਿਕਰਮ ਖੁਦ ਥੋੜ੍ਹਾ ਸਬੂਤ ਲੈ ਕੇ ਆਵੇਗਾ, ਜੇ ਐਫ.ਆਈ.ਆਰ. ਦਰਜ ਕਰੋਗੇ ਫਿਰ ਜਾਂਚ ਹੋਵੇਗੀ. ਆਪਣੇ-ਆਪ ਸਬੂਤ ਸਾਹਮਣੇ ਆਉਣਗੇ। ਖਹਿਰਾ ਨੇ ਕਿਹਾ ਕਿ ਈ.ਡੀ. ਕੋਲ ਵੱਡੀ ਜਾਂਚ ਰਿਪੋਰਟ ਹੈ, ਜੇਕਰ ਕੈਪਟਨ ਉਹ ਲੈ ਲੈਣ ਤਾਂ ਸਭ ਸਾਹਮਣੇ ਆ ਜਾਵੇਗਾ।

ਵਿਰੋਧੀ ਧਿਰ ਦੇ ਆਗੂ ਨੇ ਇਹ ਵੀ ਕਿਹਾ, “ਜੇਕਰ 40 ਕਾਂਗਰਸੀ ਵਿਧਾਇਕਾਂ ਤੋਂ ਮਜੀਠੀਏ ਦਾ ਕੁਝ ਨਹੀਂ ਵਿਗੜਿਆ ਤਾਂ ਮੈਂ ਕਹਿੰਦਾ 40 ਉਹ ਤੇ 22 ਅਸੀਂ, ਆ ਜੋ ਮਜੀਠੀਏ ਨੂੰ ਜੇਲ੍ਹ ਵਿੱਚ ਡੱਕ ਦਿੰਦੇ ਹਾਂ।” ਉਨ੍ਹਾਂ ਕਿਹਾ ਕਿ ਸਿੱਧੂ ਸਮੇਤ ਬਹੁਤ ਸਾਰੇ ਕਾਂਗਰਸੀ ਤੰਗ ਹੋ ਰਹੇ ਹਨ ਤੇ ਆਉਂਦੇ ਛੇ ਮਹੀਨਿਆਂ ‘ਚ ਕਾਂਗਰਸ ਦੀ ਬਗਾਵਤ ਸੋਨੀਆ ਗਾਂਧੀ ਦੇ ਦਰਬਾਰ ‘ਚ ਪਹੁੰਚ ਹੀ ਜਾਣੀ ਹੈ।

 

ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਆਉਣ ਦੀ ਪੇਸ਼ਕਸ਼ ਕੀਤੀ ਤੇ ਫਿਰ ਖਹਿਰਾ ਨੇ ਸਿੱਧੂ ‘ਤੇ ਨਿਸ਼ਾਨਾ ਧਰ ਲਿਆ। ਉਨ੍ਹਾਂ ਕਿਹਾ ਕਿ ਸਿੱਧੂ ਆਪਣੇ ਮੰਤਰੀ ਰਾਣਾ ਗੁਰਜੀਤ ਸਿੰਘ ਖਿਲਾਫ ਕਿਉਂ ਨਹੀਂ ਬੋਲਦੇ? ਸੱਚਾਈ ਹੈ ਕਿ ਇਹ ਸਿਰਫ ਨੰਬਰ ਬਣਾਉਣ ਦੀ ਖੇਡ ਹੈ। ਮੰਤਰੀ ਰਾਣਾ ਗੁਰਜੀਤ ਸਿੰਘ ਨੇ ਕਿਹਾ ਸੀ ਕਿ ਖਹਿਰਾ ਕੌਣ ਹੈ, ਤਾਂ ਇਸ ਬਾਰੇ ਸੁਖਪਾਲ ਖਹਿਰਾ ਦਾ ਕਹਿਣਾ ਹੈ, “ਮੈਂ ਲੀਡਰ ਆਫ ਆਪੋਜੀਸ਼ਨ ਹਾਂ। ਮੈਨੂੰ ਵਿਹਲਾ ਕਹਿੰਦਾ ਹੈ, ਪਹਿਲਾਂ ਆਪਣੀ ਭੂਆ ਜਗੀਰ ਕੌਰ ਨੂੰ ਪੁੱਛ ਲਵੇ ਕਿ ਮੈਂ ਕੌਣ ਹਾਂ।”

ਆਪ ਆਗੂ ਨੇ ਕਿਹਾ ਕਿ ਥੋੜ੍ਹੇ ਦਿਨਾਂ ‘ਚ ਰਾਣੇ ਦੀਆਂ ਖੱਡਾਂ ਦਾ ਮਾਮਲਾ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਵਿੱਚ ਪੁੱਜ ਰਿਹਾ ਹੈ ਤੇ ਇਸ ਦੀ ਸੀ.ਬੀ.ਆਈ. ਜਾਂਚ ਹੋਣੀ ਚਾਹੀਦੀ ਹੈ। ਰੇਤਾ ਮਾਈਨਿੰਗ ਵਿੱਚ ਧਾਂਦਲੀਆਂ ਕਾਰਨ ਇਸ ਮੰਤਰੀ ਨੂੰ ਜੇਲ੍ਹ ਹੋਵੇਗੀ।


Posted

in

by

Tags: