ਪੰਜਾਬੀ ਪ੍ਰੇਮੀ ਜੋੜੇ ਨੇ ਵਿਆਹ ਦੀਆਂ ਤਿਆਰੀਆਂ ‘ਚ ਖਰਚੇ 33 ਲੱਖ ਰੁਪਏ ਪਰ ਇਸ ਕਾਰਨ ਹੋਏ ਬਰਬਾਦ

ਸਿਡਨੀ,(ਏਜੰਸੀ)— ਆਸਟਰੇਲੀਆ ਦੇ ਸ਼ਹਿਰ ਸਿਡਨੀ ‘ਚ ਰਹਿ ਰਹੇ ਪੰਜਾਬੀ ਪ੍ਰੇਮੀ ਜੋੜੇ ਨੇ ਇੰਡੋਨੇਸ਼ੀਆ ਦੇ ਟਾਪੂ ਬਾਲੀ ‘ਚ ਵਿਆਹ ਕਰਵਾਉਣ ਲਈ ਲੱਖਾਂ ਰੁਪਏ ਲਗਾ ਦਿੱਤੇ ਪਰ ਉੱਥੇ ਜਵਾਲਾਮੁਖੀ ਫਟ ਜਾਣ ਕਾਰਨ ਹੁਣ ਉਨ੍ਹਾਂ ਨੂੰ ਸਾਧਾਰਣ ਤਰੀਕੇ ਨਾਲ ਵਿਆਹ ਕਰਵਾਉਣਾ ਪਿਆ।

ਇਕ ਸਾਲ ਤੋਂ ਸਿਮਰਨ ਗਰੇਵਾਲ ਅਤੇ ਅਨਮੋਲ ਸਹੋਤਾ ਬਾਲੀ ‘ਚ ਪੂਰੇ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਉਣ ਦੀਆਂ ਤਿਆਰੀਆਂ ਕਰ ਰਹੇ ਸਨ। ਉਹ ਸੱਭਿਆਚਾਰਕ ਢੰਗ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ ਤਾਂ ਕਿ ਮਹਿੰਦੀ, ਮਾਈਆਂ , ਸੰਗੀਤ ਆਦਿ ਸਾਰੀਆਂ ਰਸਮਾਂ ਉਂਝ ਹੀ ਕੀਤੀਆਂ ਜਾਣ ਜਿਵੇਂ ਪੰਜਾਬ ‘ਚ ਕੀਤੀਆਂ ਜਾਂਦੀਆਂ ਹਨ। ਉਹ ਨਹੀਂ ਜਾਣਦੇ ਸਨ ਕਿ ਜਿਸ ਥਾਂ ‘ਤੇ ਵਿਆਹ ਕਰਵਾਉਣ ਲਈ ਉਨ੍ਹਾਂ ਨੇ ਆਸਟਰੇਲੀਅਨ 70,000 ਡਾਲਰ ਭਾਵ ਲਗਭਗ 33 ਲੱਖ 60,000 ਰੁਪਏ ਖਰਚੇ ਹਨ, ਉਹ ਸਭ ਬਰਬਾਦ ਹੋ ਜਾਣਗੇ।

ਅਸਲ ‘ਚ ਬਾਲੀ ‘ਚ ਜਵਾਲਾਮੁਖੀ ਫਟਣ ਨਾਲ ਹਾਲਾਤ ਅਜਿਹੇ ਹੋ ਗਏ ਕਿ ਇਸ ਜੋੜੇ ਨੂੰ ਬਾਲੀ ‘ਚ ਵਿਆਹ ਕਰਵਾਉਣ ਦਾ ਪ੍ਰੋਗਰਾਮ ਰੱਦ ਕਰਨਾ ਪਿਆ, ਹੁਣ ਉਹ ਵੀਰਵਾਰ ਨੂੰ ਸਿਡਨੀ ‘ਚ ਹੀ ਵਿਆਹ ਕਰਵਾ ਕੇ ਸ਼ੁੱਕਰਵਾਰ ਨੂੰ ਰਿਸੈਪਸ਼ਨ ਪਾਰਟੀ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਉਹ ਕੁੱਝ ਸਾਲਾਂ ਤੋਂ ਇਕ-ਦੂਜੇ ਨਾਲ ਪਿਆਰ ਕਰਦੇ ਹਨ। ਪੰਜਾਬੀ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਭਾਰਤ ਤੋਂ ਇਲਾਵਾ ਕੈਨੇਡਾ ਤੇ ਅਮਰੀਕਾ ਤੋਂ ਵੀ ਆ ਰਹੇ ਸਨ ਪਰ ਜਵਾਲਾਮੁਖੀ ਫਟਣ ਨਾਲ ਫਲਾਈਟਾਂ ਰੱਦ ਹੋ ਗਈਆਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਪ੍ਰੋਗਰਾਮ ਵੀ ਖਰਾਬ ਹੋ ਗਿਆ। ਪਰਿਵਾਰ ਨੇ ਕਿਹਾ ਕਿ ਹੁਣ ਉਹ ਉਸ ਤਰੀਕੇ ਨਾਲ ਵਿਆਹ ਨਹੀਂ ਕਰਵਾ ਰਹੇ, ਜਿਵੇਂ ਕਿ ਉਨ੍ਹਾਂ ਨੇ ਸੋਚਿਆ ਸੀ। ਉਨ੍ਹਾਂ ਕਿਹਾ ਕਿ ਉਹ ਬਾਲੀ ‘ਚ ਵਿਆਹ ਦੇ ਪ੍ਰਬੰਧਕਾਂ ਨਾਲ ਗੱਲ ਕਰ ਰਹੇ ਹਨ ਤਾਂ ਕਿ ਉਨ੍ਹਾਂ ਦੇ ਪੈਸੇ ਵਾਪਸ ਮਿਲ ਸਕਣ ਪਰ ਜੇਕਰ ਅਜਿਹਾ ਨਾ ਹੋਇਆ ਤਾਂ ਇਹ ਵੱਡਾ ਘਾਟਾ ਹੋਵੇਗਾ।


Posted

in

by

Tags: