ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ’

ਮੇਰਾ ਪਤੀ ਮੈਨੂੰ ਗੈਰ-ਕੁਦਰਤੀ ਸੈਕਸ ਲਈ ਮਜਬੂਰ ਕਰਦਾ ਸੀ’

ਉਸ ਰਾਤ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇਹ ਅੱਜ ਖਤਮ ਨਹੀਂ ਹੋਵੇਗੀ। ਮੇਰਾ ਸਿਰ ਫਟ ਰਿਹਾ ਸੀ ਤੇ ਮੇਰੇ ਹੰਝੂ ਰੁਕ ਹੀ ਨਹੀਂ ਰਹੇ ਸਨ। ਮੈਨੂੰ ਨਹੀਂ ਯਾਦ ਮੈਂ ਕਦੋਂ ਸੌਂ ਗਈ।

ਮੈਂ ਉੱਠੀ ਤਾਂ ਦੇਖਿਆ ਮੇਰਾ ਪਤੀ ਮੇਰੇ ਸਰਾਹਣੇ ਖੜ੍ਹਾ ਸੀ ਤੇ ਪਿਛਲੀ ਰਾਤ ਵਾਲਾ ਹੀ ਸਵਾਲ ਪੁੱਛ ਰਿਹਾ ਸੀ, “ਤਾਂ ਤੂੰ ਕੀ ਤੈਅ ਕੀਤਾ ਹੈ? ਜਵਾਬ ਹਾਂ ‘ਚ ਹੈ ਜਾਂ ਨਾਂਹ ‘ਚ?”

ਮੈਨੂੰ ਪਤਾ ਸੀ ਨਹੀਂ, ਕਿ ਕੀ ਕਹਾਂ। ਮੈਂ ਕੁਝ ਬੋਲਣ ਦੀ ਹਿੰਮਤ ਕੀਤੀ ਤੇ ਬੁੜਬੜਾਈ, “ਦਫ਼ਤਰ ਜਾਓ, ਮੈਂ ਸ਼ਾਮ ਨੂੰ ਫੋਨ ਕਰਾਂਗੀ ਤੇ ਆਪਣਾ ਜਵਾਬ ਦੱਸ ਦੇਵਾਂਗੀ।”

ਉਸ ਨੇ ਧਮਕਾਇਆ, “ਮੈਂ ਖੁਦ ਚਾਰ ਵਜੇ ਫੋਨ ਕਰਾਂਗਾ। ਮੈਨੂੰ ਜਵਾਬ ਚਾਹੀਦਾ ਹੈ ਤੇ ਇਸ ਦਾ ਜਵਾਬ ਹਾਂ ਵਿੱਚ ਹੀ ਹੋਣਾ ਚਾਹੀਦਾ ਹੈ। ਨਹੀਂ ਤਾਂ ਸਜ਼ਾ ਲਈ ਤਿਆਰ ਰਹੀ।”

ਸਜ਼ਾ ਦਾ ਮਤਲਬ ਸੀ ‘ਐਨਲ ਸੈਕਸ’। ਉਸ ਨੂੰ ਪਤਾ ਸੀ ਕਿ ਇਹ ਮੇਰੇ ਲਈ ਬੇਹੱਦ ਦਰਦ ਭਰਿਆ ਹੁੰਦਾ ਹੈ ਤੇ ਉਹ ਮੇਰੇ ‘ਤੇ ਤਸ਼ੱਦਦ ਢਾਹੁਣ ਲਈ ਇਸ ਦਾ ਇਸਤੇਮਾਲ ਕਰਦਾ ਸੀ।

ਉਹ ਤੇ ਉਸ ਦੀ ਵੱਡੀ ਭੈਣ ਦਫ਼ਤਰ ਚਲੇ ਗਏ। ਮੈਂ ਹੁਣ ਘਰ ਵਿੱਚ ਇਕੱਲੀ ਸੀ ਅਤੇ ਆਪਣੇ ਵਿਚਾਰਾਂ ਨਾਲ ਸੰਘਰਸ਼ ਕਰ ਰਹੀ ਸੀ।


ਕੁਝ ਘੰਟਿਆਂ ਬਾਅਦ ਮੇਰੇ ਵਿੱਚ ਆਪਣੇ ਪਿਤਾ ਨੂੰ ਫੋਨ ਕਰਨ ਦੀ ਹਿੰਮਤ ਆਈ ਤੇ ਉਨ੍ਹਾਂ ਨੂੰ ਦੱਸਿਆ ਕਿ ਮੈਂ ਪਤੀ ਨਾਲ ਹੋਰ ਨਹੀਂ ਰਹਿ ਸਕਦੀ।

ਮੈਨੂੰ ਲੱਗ ਰਿਹਾ ਸੀ ਕਿ ਮੇਰੇ ਪਿਤਾ ਨਾਰਾਜ਼ ਹੋਣਗੇ ਪਰ ਉਨ੍ਹਾਂ ਦੇ ਪ੍ਰਤੀਕਰਮ ਨੇ ਮੈਨੂੰ ਖੁਸ਼ ਕਰ ਦਿੱਤਾ। ਉਨ੍ਹਾਂ ਕਿਹਾ, “ਬੈਗ ਪੈਕ ਕਰ ਅਤੇ ਉੱਥੋਂ ਨਿਕਲ ਆ।”

ਮੈਂ ਆਪਣੀ ਕਿਤਾਬ ਚੁੱਕੀ, ਆਪਣੇ ਵਿੱਦਿਅਕ ਸਰਟੀਫਿਕੇਟ ਲਏ ਅਤੇ ਬੱਸ ਅੱਡੇ ਵੱਲ ਭੱਜੀ।

ਬੱਸ ਲੈਣ ਤੋਂ ਬਾਅਦ ਮੈਂ ਆਪਣੇ ਪਤੀ ਨੂੰ ਮੈਸੇਜ ਕੀਤਾ, “ਮੇਰਾ ਜਵਾਬ ‘ਨਾਂਹ’ ਹੈ ਅਤੇ ਮੈਂ ਆਪਣੇ ਘਰ ਵਾਪਸ ਜਾ ਰਹੀ ਹਾਂ।”

ਉਸ ਤੋਂ ਬਾਅਦ ਮੈਂ ਆਪਣਾ ਫੋਨ ਬੰਦ ਕਰ ਦਿੱਤਾ।

ਕੁਝ ਘੰਟਿਆਂ ਬਾਅਦ ਮੈਂ ਆਪਣੇ ਘਰ ਸੀ, ਆਪਣੇ ਪਰਿਵਾਰ ਵਿੱਚ। ਮੈਂ ਵਿਆਹ ਤੋਂ ਦੋ ਮਹੀਨੇ ਬਾਅਦ ਹੀ ਆਪਣੇ ਪਤੀ ਦਾ ਘਰ ਛੱਡ ਦਿੱਤਾ ਸੀ।

ਮੈਂ ਆਪਣੇ ਪਤੀ ਸਾਹਿਲ ਨੂੰ ਪਹਿਲੀ ਵਾਰੀ ਗ੍ਰੈਜੁਏਸ਼ਨ ਦੇ ਅਖੀਰਲੇ ਸਾਲ ਵਿੱਚ ਮਿਲੀ ਸੀ। ਉਹ ਬੜਾ ਖੁਸ਼-ਦਿਲ ਸ਼ਖਸ ਸੀ।

ਮੈਨੂੰ ਉਸ ਦੇ ਆਲੇ-ਦੁਆਲੇ ਰਹਿਣਾ ਚੰਗਾ ਲੱਗਦਾ ਸੀ ਅਤੇ ਫਿਰ ਸਾਨੂੰ ਪਿਆਰ ਹੋ ਗਿਆ।

ਅਸੀਂ ਘੁੰਮਣ-ਫਿਰਨ ਜਾਂਦੇ ਸੀ ਅਤੇ ਕਈ ਘੰਟੇ ਫੋਨ ‘ਤੇ ਗੱਲਾਂ ਕਰਦੇ ਸੀ। ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜ਼ਿੰਦਗੀ ਮੇਰੇ ‘ਤੇ ਮਿਹਰਬਾਨ ਸੀ।

ਇਹ ਰੋਮਾਂਸ ਜ਼ਿਆਦਾ ਸਮਾਂ ਨਾ ਚੱਲ ਸਕਿਆ। ਹੌਲੀ-ਹੌਲੀ ਮੈਨੂੰ ਲੱਗਿਆ ਕਿ ਸਾਡੇ ਰਿਸ਼ਤੇ ਵਿੱਚ ਸਮਾਨਤਾ ਦੀ ਕਮੀ ਸੀ।

ਇਹ ਉਹ ਰਿਸ਼ਤਾ ਨਹੀਂ ਸੀ ਜਿਸ ਦੀ ਮੈਨੂੰ ਭਾਲ ਸੀ।

ਮੇਰਾ ਰਿਸ਼ਤਾ ਮੇਰੇ ਮਾਪਿਆਂ ਦੇ ਰਿਸ਼ਤੇ ਵਾਂਗ ਹੋ ਰਿਹਾ ਸੀ। ਫਰਕ ਸਿਰਫ਼ ਇੰਨਾ ਸੀ ਕਿ ਮੇਰੀ ਮਾਂ ਨੇ ਚੁੱਪੀ ਧਾਰੀ ਹੋਈ ਸੀ ਪਰ ਮੈਂ ਬੋਲੇ ਬਿਨਾਂ ਨਹੀਂ ਰਹਿ ਸਕਦੀ ਸੀ।

ਮੇਰੇ ਪਿਤਾ ਛੋਟੀ-ਮੋਟੀ ਚੀਜ਼ ਲਈ ਮੇਰੀ ਮਾਂ ‘ਤੇ ਚੀਕਦੇ ਸਨ। ਉਹ ਮਾਂ ‘ਤੇ ਹੱਥ ਵੀ ਚੁੱਕਦੇ ਸਨ ਪਰ ਉਹ ਸਿਰਫ਼ ਹੰਝੂ ਵਹਾਉਂਦੀ ਰਹਿੰਦੀ ਸੀ।

ਮੇਰੇ ਅਤੇ ਸਾਹਿਲ ਵਿੱਚ ਜਦੋਂ ਵੀ ਬਹਿਸ ਹੁੰਦੀ ਇਹ ਲੜਾਈ ਵਿੱਚ ਬਦਲ ਜਾਂਦੀ। ਉਹ ਜ਼ੋਰ ਲਾ ਕੇ ਮੇਰੇ ਨੇੜੇ ਆ ਜਾਂਦਾ ਅਤੇ ਇਨਕਾਰ ਕਰਨ ‘ਤੇ ਮੇਰੇ ‘ਤੇ ਚੀਕਦਾ।

ਮੈਨੂੰ ਯਾਦ ਹੈ ਇੱਕ ਵਾਰੀ ਉਸ ਨੇ ਪੁੱਛਿਆ ਸੀ, “ਮੰਨ ਲੈ ਜੇ ਕਿਸੇ ਦਿਨ ਮੈਂ ਤੈਨੂੰ ਕੁੱਟਿਆ ਤਾਂ ਤੂੰ ਕੀ ਕਰੇਂਗੀ…?” ਇਸ ਸਵਾਲ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਸੀ।

ਮੈਂ ਬੜੀ ਮੁਸ਼ਕਿਲ ਨਾਲ ਆਪਣੇ ਗੁੱਸੇ ‘ਤੇ ਕਾਬੂ ਕੀਤਾ ਤੇ ਜਵਾਬ ਦਿੱਤਾ, “ਮੈਂ ਉਸੇ ਦਿਨ ਤੇਰੇ ਨਾਲ ਰਿਸ਼ਤਾ ਤੋੜ ਦੇਵਾਂਗੀ।”

ਤੁਸੀਂ ਪੜ੍ਹ ਰਹੇ ਹੋਂ ਪੰਜਾਬੀ ਤੜਕਾ ਨਿਊਜ਼ ਦਾ ਆਰਟੀਕਲ , ਜੇ ਤੁਹਾਨੂੰ ਇਹ ਆਰਟੀਕਲ ਚੰਗਾ ਲਗੇ ਤਾ ਇਸ ਨੂੰ share ਜਰੂਰ ਕਰੋ ਅਤੇ ਹੋਰ ਪੰਜਾਬੀ ਆਰਟੀਕਲ ਵੇਖਦੇ ਰਹਿਣ ਲਾਏ ਸਾਡਾ ਫੇਸਬੁੱਕ ਪੇਜ਼ ਜਰੂਰ ਲਾਇਕ ਕਰੋ , ਧੰਨਵਾਦ ।

ਉਸ ਨੇ ਉਸ ਤੋਂ ਬਾਅਦ ਜੋ ਕਿਹਾ ਉਸ ਨੇ ਮੈਨੂੰ ਹੋਰ ਹੈਰਾਨ ਕਰ ਦਿੱਤਾ। ਉਸ ਨੇ ਕਿਹਾ, “ਇਸ ਦਾ ਮਤਲਬ ਹੈ ਕਿ ਤੂੰ ਮੈਨੂੰ ਪਿਆਰ ਨਹੀਂ ਕਰਦੀ ਕਿਉਂਕਿ ਪਿਆਰ ਤਾਂ ਬਿਨਾਂ ਕਿਸੇ ਸ਼ਰਤ ਦੇ ਹੁੰਦਾ ਹੈ।”

ਇਸ ਤੋਂ ਬਾਅਦ ਅਸੀਂ ਇੱਕ ਮਹੀਨੇ ਤੱਕ ਕੋਈ ਗੱਲਬਾਤ ਨਹੀਂ ਕੀਤੀ।

ਵਿਆਹ ਤੋਂ ਪਹਿਲਾਂ ਜਦੋਂ ਅਸੀਂ ਰਿਲੇਸ਼ਨਸ਼ਿਪ ਵਿੱਚ ਸੀ ਤਾਂ ਸਾਡੇ ਵਿੱਚ ਲੜਾਈ ਵਧਣ ਲੱਗ ਗਈ। ਕਈ ਵਾਰੀ ਮੈਂ ਰਿਸ਼ਤੇ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰੀ ਮੁਆਫ਼ੀ ਮੰਗ ਲੈਂਦਾ ਸੀ।

ਮੈਂ ਉਸ ਤੋਂ ਛੁਟਕਾਰਾ ਚਾਹੁੰਦੀ ਸੀ ਪਰ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਅਜਿਹਾ ਕਿਉਂ ਨਹੀਂ ਕਰ ਪਾ ਰਹੀ ਸੀ।

ਇਸ ਵਿਚਾਲੇ ਮੇਰੇ ‘ਤੇ ਵਿਆਹ ਕਰਵਾਉਣ ਦਾ ਦਬਾਅ ਵੱਧ ਰਿਹਾ ਸੀ।

ਮੈਂ ਹੁਣ ਅਧਿਆਪਕ ਸੀ। ਮੈਂ ਕਲਾਸ ਵਿੱਚ ਪੜ੍ਹਾ ਰਹੀ ਹੁੰਦੀ ਸੀ ਤਾਂ ਮੇਰੇ ਮਾਪੇ ਮੈਨੂੰ ਫੋਨ ਕਰ ਦਿੰਦੇ ਸਨ।

ਉਹੀ ਗੱਲਬਾਤ ਦੁਹਰਾਈ ਜਾਂਦੀ, “ਵਿਆਹ ਬਾਰੇ ਕੀ ਸੋਚਿਆ ਹੈ? ਤੂੰ ਸਾਹਿਲ ਨਾਲ ਕਿਉਂ ਨਹੀਂ ਵਿਆਹ ਕਰਵਾ ਲੈਂਦੀ? ਜੇ ਉਹ ਨਹੀਂ ਤਾਂ ਫਿਰ ਸਾਨੂੰ ਦੱਸ ਦੇ ਅਸੀਂ ਤੇਰੇ ਲਈ ਮੁੰਡਾ ਲੱਭ ਦੇਵਾਂਗੇ। ਘੱਟੋ-ਘੱਟ ਆਪਣੀ ਛੋਟੀ ਭੈਣ ਬਾਰੇ ਤਾਂ ਸੋਚ ਲੈ…”

ਜੇ ਘਰ ਵਿੱਚ ਕੁਝ ਵੀ ਗਲਤ ਹੁੰਦਾ ਤਾਂ ਇਲਜ਼ਾਮ ਮੇਰੇ ਕੁਆਰੇ ਹੋਣ ‘ਤੇ ਆ ਜਾਂਦਾ।

ਮਾਂ ਬਿਮਾਰ ਹੋ ਗਈ ਕਿਉਂਕਿ ਮੈਂ ਵਿਆਹ ਨਹੀਂ ਕਰਵਾ ਰਹੀ ਸੀ। ਮੇਰੇ ਪਿਤਾ ਦੇ ਵਪਾਰ ਵਿੱਚ ਘਾਟਾ ਪਿਆ ਕਿਉਂਕਿ ਮੈਂ ਵਿਆਹ ਨਹੀਂ ਕਰਵਾ ਰਹੀ ਸੀ।

ਮੈਂ ਇੰਨਾ ਤੰਗ ਆ ਗਈ ਸੀ ਕਿ ਅਖੀਰ ਵਿਆਹ ਲਈ ਹਾਂ ਕਰ ਦਿੱਤੀ। ਮੈਂ ਅਜੇ ਵੀ ਵਿਆਹ ਲਈ ਤਿਆਰ ਨਹੀਂ ਸੀ ਤੇ ਸਾਹਿਲ ਦੇ ਵਾਅਦੇ ‘ਤੇ ਭਰੋਸਾ ਨਹੀਂ ਕਰ ਸਕਦੀ ਸੀ ਕਿ ਉਸ ਦੇ ਰਵੱਈਏ ਵਿੱਚ ਬਦਲਾਅ ਆਏਗਾ।

ਵਿਆਹ ਤੋਂ ਬਾਅਦ ਮੇਰੇ ਡਰ ਸੱਚ ਹੋਏ। ਸਾਹਿਲ ਨੇ ਮੈਨੂੰ ਕਠਪੁਤਲੀ ਬਣਾ ਦਿੱਤਾ ਜੋ ਉਸ ਦੇ ਇਸ਼ਾਰਿਆਂ ‘ਤੇ ਨੱਚਦੀ ਰਹਿੰਦੀ।

ਮੈਨੂੰ ਕਵਿਤਾਵਾਂ ਲਿਖਣ ਦਾ ਸ਼ੌਂਕ ਸੀ ਤੇ ਮੈਂ ਆਪਣੇ ਫੇਸਬੁੱਕ ‘ਤੇ ਹੀ ਕਵਿਤਾਵਾਂ ਲਿਖਦੀ ਰਹਿੰਦੀ। ਉਸ ਨੇ ਮੈਨੂੰ ਅਜਿਹਾ ਕਰਨ ਤੋਂ ਵਰਜਿਆ।

ਉਸ ਨੇ ਇਹ ਵੀ ਨਿਰਦੇਸ਼ ਦੇਣਾ ਸ਼ੁਰੂ ਕਰ ਦਿੱਤਾ ਕਿ ਮੈਨੂੰ ਕਿਹੜੇ ਕਪੜੇ ਪਾਉਣੇ ਚਾਹੀਦੇ ਹਨ।

ਇੱਕ ਰਾਤ ਉਸ ਨੇ ਮੈਨੂੰ ਕਿਹਾ ਕਿ ਰਾਤ ਹੋਣ ਤੱਕ ਪੜ੍ਹਣ-ਲਿਖਣ ਵਾਲਾ ਕੰਮ ਖਤਮ ਕਰ ਲਈਂ, “ਜੇ ਤੂੰ ਮੈਨੂੰ ਬਿਸਤਰ ‘ਤੇ ਅਸੰਤੁਸ਼ਟ ਛੱਡਿਆ ਤਾਂ ਮੈਨੂੰ ਕਿਸੇ ਹੋਰ ਕੋਲ ਜਾਣਾ ਪਏਗਾ।”

ਉਹ ਕਹਿੰਦਾ ਸੀ ਕਿ ਮੈਂ ਉਸ ਨੂੰ ਸੰਤੁਸ਼ਟ ਨਹੀਂ ਕਰ ਰਹੀ ਸੀ ਤੇ ਉਹ ਮੈਨੂੰ ਪੋਰਨ ਦੇਖਣ ਦਾ ਸੁਝਾਅ ਦਿੰਦਾ ਤਾਕਿ ਮੈਂ ਹੋਰ ਤਰੀਕੇ ਸਿੱਖ ਸਕਾਂ।

ਫਿਰ ਉਸ ‘ਤੇ ਮੁੰਬਈ ਜਾ ਕੇ ਹੀਰੋ ਬਣਨ ਦਾ ਸ਼ੌਂਕ ਚੜ੍ਹਿਆ।

ਉਸ ਨੇ ਕਿਹਾ, “ਤੂੰ ਇੱਥੇ ਰਹਿ ਕੇ ਆਪਣੀ ਨੌਕਰੀ ਕਰ ਤੇ ਮੇਰੀ ਮਦਦ ਲਈ ਮੈਨੂੰ ਉੱਥੇ ਪੈਸੇ ਭੇਜੀਂ। ਫਿਰ ਤੂੰ ਲੋਨ ਲੈ ਲਈਂ ਤਾਕਿ ਮੈਂ ਉੱਥੇ ਘਰ ਖਰੀਦ ਸਕਾਂ।”

ਇਸੇ ਗੱਲ ਲਈ ਉਹ ‘ਹਾਂ’ ਕਹਾਉਣਾ ਚਾਹੁੰਦਾ ਸੀ। ਉਸ ਰਾਤ ਉਸ ਨੇ ਮੈਨੂੰ ਬਿਸਤਰ ‘ਤੇ ਸੁੱਟਿਆ ਅਤੇ ਸਿਰਫ਼ ਇੱਕ ‘ਹਾਂ’ ਲਈ ‘ਐਨਲ ਸੈਕਸ’ ਦਾ ਜ਼ੋਰ ਪਾ ਰਿਹਾ ਸੀ।

ਇੱਕ ਹੱਦ ਪਾਰ ਕਰ ਦਿੱਤੀ ਗਈ ਸੀ। ਉਸ ਤੋਂ ਅਗਲੀ ਸਵੇਰ ਮੈਂ ਉਸ ਨੂੰ ਛੱਡ ਕੇ ਚਲੀ ਗਈ।

ਮੈਂ ਇੱਕ ਪੜ੍ਹੀ-ਲਿਖੀ ਔਰਤ ਹਾਂ ਜੋ ਆਪਣਾ ਕਮਾ ਅਤੇ ਖਾ ਸਕਦੀ ਹਾਂ। ਫਿਰ ਵੀ ਸਾਹਿਲ ਦਾ ਘਰ ਛੱਡਣ ਲੱਗਿਆਂ ਮੇਰਾ ਦਿਲ ਕੰਬ ਰਿਹਾ ਸੀ।

ਆਪਣੇ ਹੀ ਪਰਿਵਾਰ ਤੇ ਸਮਾਜ ਦਾ ਡਰ। ਉਸ ਤੋਂ ਵੀ ਵੱਡਾ ਡਰ ਸੀ ਉਸ ਪੀੜ ਦਾ ਜੋ ਮੇਰੇ ਦਿਲ ਵਿੱਚ ਲੱਗੀ ਸੀ।

ਜਦੋਂ ਮੈਂ ਰਾਤ ਨੂੰ ਘਰ ਪਹੁੰਚੀ ਤਾਂ ਮੇਰੇ ਵਾਲ ਖਿੱਲਰੇ ਹੋਏ ਸਨ ਤੇ ਅੱਖਾਂ ਸੁੱਜੀਆਂ ਹੋਈਆਂ ਸਨ ਕਿਉਂਕਿ ਮੈਂ ਸਾਰੀ ਰਾਤ ਸੁੱਤੀ ਨਹੀਂ ਸੀ।

ਨਵ-ਵਿਆਹੁਤਾ ਜਦੋਂ ਸਹੁਰਿਆਂ ਘਰੋਂ ਪੇਕਿਆਂ ਦੇ ਘਰ ਆਉਂਦੀਆਂ ਹਨ ਤਾਂ ਉਹ ਬਹੁਤ ਹੀ ਸੋਹਣੀਆਂ ਲਗਦੀਆਂ ਹਨ ਪਰ ਮੇਰਾ ਮੂੰਹ ਪੀਲਾ ਪਿਆ ਸੀ ਤੇ ਮੇਰੇ ਗੁਆਂਢੀਆਂ ਦੀਆਂ ਅੱਖਾਂ ਇਸ ਦੀ ਵਜ੍ਹਾ ਸਮਝ ਗਈਆਂ ਸਨ।

ਲੋਕਾਂ ਨੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕੁਝ ਕਹਿੰਦੇ, “ਤੇਰੇ ਨਾਲ ਅਜਿਹੀ ਭਿਆਨਕ ਘਟਨਾ ਵਾਪਰੀ ਹੈ।”

ਕੁਝ ਲੋਕਾਂ ਨੇ ਹਮਦਰਦੀ ਜਤਾਈ ਕਿ ਸਾਹਿਲ ਮੁਆਫ਼ੀ ਮੰਗਣ ਆਏਗਾ ਤੇ ਤੈਨੂੰ ਵਾਪਸ ਲੈ ਜਾਵੇਗਾ।

ਕੁਝ ਅਜਿਹੇ ਵੀ ਲੋਕ ਸਨ ਜਿਨ੍ਹਾਂ ਨੇ ਸੋਚਿਆ ਕਿ ਇੱਕ ਔਰਤ ਨੂੰ ਛੋਟੇ-ਮੋਟੇ ਮਾਮਲਿਆਂ ਵਿੱਚ ਅਜਿਹੇ ਗੰਭੀਰ ਫੈਸਲੇ ਨਹੀਂ ਲੈਣਾ ਚਾਹੀਦੇ।

ਹਰ ਕਿਸੇ ਦੇ ਆਪੋ-ਆਪਣੇ ਵਿਚਾਰ ਸੀ ਪਰ ਕੋਈ ਵੀ ਮੇਰਾ ਫੈਸਲਾ ਨਾ ਬਦਲ ਸਕਿਆ।

ਸਾਹਿਲ ਦਾ ਘਰ ਛੱਡਿਆਂ ਮੈਨੂੰ ਸੱਤ ਮਹੀਨੇ ਹੋ ਗਏ ਹਨ ਅਤੇ ਹੁਣ ਮੈਂ ਆਪਣਾ ਰਾਹ ਖੁਦ ਚੁਣ ਰਹੀ ਹਾਂ।

ਮੈਨੂੰ ਇੱਕ ਫੈਲੋਸ਼ਿਪ ਮਿਲ ਗਈ ਹੈ। ਮੈਂ ਨੌਕਰੀ ਕਰ ਰਹੀ ਹਾਂ ਤੇ ਪੜ੍ਹਾਈ ਵੀ।

ਅਸੀਂ ਥਾਣਿਆਂ ਅਤੇ ਅਦਾਲਤਾਂ ਦੇ ਚੱਕਰ ਲਾ ਰਹੇ ਹਾਂ ਕਿਉਂਕਿ ਅਜੇ ਤੱਕ ਤਲਾਕ ਦੀ ਕਾਨੂੰਨੀ ਪ੍ਰਕਿਰਿਆ ਪੂਰੀ ਨਹੀਂ ਹੋਈ ਹੈ।

ਮੈਂ ਰਾਤ ਨੂੰ ਅਜੇ ਵੀ ਅਚਾਨਕ ਉੱਠ ਜਾਂਦੀ ਹਾਂ। ਮੈਨੂੰ ਅਜੇ ਵੀ ਰਾਤ ਨੂੰ ਸੁਫ਼ਨੇ ਆਉਂਦੇ ਹਨ।

ਮੈਂ ਜੋ ਦੇਖਿਆ ਹੈ ਉਹ ਭੁੱਲ ਨਹੀਂ ਸਕਦੀ ਪਰ ਮੈਂ ਅੱਗੇ ਵਧਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ।

ਪਿਆਰ ਅਤੇ ਰਿਸ਼ਤਿਆਂ ਤੋਂ ਮੇਰਾ ਭਰੋਸਾ ਉੱਠ ਗਿਆ ਹੈ ਪਰ ਅਜੇ ਵੀ ਟੁੱਟੀ ਨਹੀਂ ਹਾਂ।

ਮੈਂ ਖੁਦ ਨੂੰ ਕੁਝ ਸਮਾਂ ਦੇਣ ਬਾਰੇ ਸੋਚਿਆ ਹੈ। ਮੈਂ ਖੁਦ ਨਾਲ ਪਿਆਰ ਕਰਾਂਗੀ ਤੇ ਮੈਂ ਖੁਦ ਨੂੰ ਜ਼ਿਆਦਾ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਾਂਗੀ।

ਮੈਨੂੰ ਖੁਦ ‘ਤੇ ਮਾਣ ਹੈ ਕਿ ਮੈਂ ਚੁੱਪ ਨਹੀਂ ਰਹੀ ਅਤੇ ਦੇਰ ਹੋਣ ਤੋਂ ਪਹਿਲਾਂ ਅਜਿਹੇ ਗਲਤ ਰਿਸ਼ਤੇ ‘ਚੋਂ ਬਾਹਰ ਆ ਗਈ।

ਇਸੇ ਕਰਕੇ ਮੈਨੂੰ ਭਰੋਸਾ ਹੈ ਕਿ ਮੇਰਾ ਭਵਿੱਖ ਮੇਰੇ ਮੌਜੂਦਾ ਸਮੇਂ ਤੇ ਅਤੀਤ ਨਾਲੋਂ ਬਿਹਤਰ ਹੋਏਗਾ।

ਇਹ ਪੱਛਮੀ ਭਾਰਤ ਦੀ ਇੱਕ ਔਰਤ ਦੀ ਸੱਚੀ ਕਹਾਣੀ ਹੈ, ਔਰਤ ਦਾ ਨਾਮ ਗੁਪਤ ਰੱਖਿਆ ਗਿਆ ਹੈ


Posted

in

by

Tags: