ਪਟਿਆਲਾ : ਪਿੰਡ ਚਹਿਲ ਵਿਚ ਲੋਹੇ ਦੀ ਫੈਕਟਰੀ ਵਿਚ ਕੰਮ ਕਰਨ ਵਾਲੇ ਦੋ ਨੌਜਵਾਨਾਂ ਨੇ ਮਜ਼ਾਕ-ਮਜ਼ਾਕ ਵਿਚ ਆਪਣੇ ਹੀ ਇੱਥ ਸਾਥੀ ਦੀ ਹੱਤਿਆ ਕਰ ਦਿੱਤੀ। ਫੈਕਟਰੀ ਵਿਚ ਜੇਸੀਬੀ ਦਾ ਡਰਾਈਵਰ ਅਤੇ ਇੱਕ ਹੋਰ ਕਰਮਚਾਰੀ ਬੀਤੀ 11 ਨਵੰਬਰ ਦੀ ਦੁਪਹਿਰ ਟਰਾਲੀ ‘ਤੇ ਬਤੌਰ ਡਰਾਈਵਰ ਕੰਮ ਕਰਨ ਵਾਲੇ 28 ਸਾਲ ਦੇ ਅਸ਼ਵਨੀ ਕੁਮਾਰ ਨਾਲ ਮਜ਼ਾਕ ਕਰ ਰਹੇ ਸਨ।
ਮਜ਼ਾਕ ਵਿਚ ਦੋਵੇਂ ਮੁਲਜ਼ਮਾਂ ਨੇ ਗੈਸ ਪ੍ਰੈਸ਼ਰ ਦੀ ਪਾਈਪ ਅਸ਼ਵਨੀ ਦੇ ਪਿੱਛੇ ਪ੍ਰਾਈਵੇਟ ਪਾਰਟ ਵਿਚ ਲਗਾ ਦਿੱਤੀ ਅਤੇ ਅਚਾਨਕ ਪ੍ਰੈਸ਼ਰ ਛੱਡ ਦਿੱਤਾ। ਪ੍ਰੈਸ਼ਰ ਇੰਨਾ ਜ਼ਿਆਦਾ ਤੇਜ਼ ਸੀ ਕਿ ਅਸ਼ਵਨੀ ਦਾ ਪੈਂਟ ਦਾ ਕੱਪੜਾ ਵੀ ਉਸ ਦੇ ਪ੍ਰਾਈਵੇਟ ਪਾਰਟ ਵਿਚ ਵੜ ਗਿਆ। ਉਹ ਲਹੂ ਲੁਹਾਣ ਹੋ ਕੇ ਹੇਠਾਂ ਡਿੱਗ ਪਿਆ। ਉਸ ਦੀਆਂ ਚੀਕਾਂ ਸੁਣ ਕੇ ਫੈਕਟਰੀ ਵਿਚ ਮੌਜੂਦ ਹੋਰ ਕਰਮਚਾਰੀਆਂ ਨੇ ਮੌਕੇ ‘ਤੇ ਪਹੁੰਚ ਕੇ ਅਸ਼ਵਨੀ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿਚ ਦਾਖ਼ਲ ਕਰਵਾਇਆ। ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫਰ ਕਰ ਦਿੱਤਾ, ਜਿੱਥੇ ਉਸ ਦਾ ਇਲਾਜ ਸ਼ੁਰੂ ਕੀਤਾ ਗਿਆ ਪਰ 13 ਨਵੰਬਰ ਨੂੰ ਅਸ਼ਵਨੀ ਦੀ ਮੌਤ ਹੋ ਗਈ। ਮ੍ਰਿਤਕ ਦੇ ਪਰਾ ਜੱਸੋ ਮਾਜਰਾ ਨਿਵਾਸੀ ਰਾਜ ਕੁਮਾਰ ਦੇ ਬਿਆਨ ‘ਤੇ ਪੁਲਿਸ ਨੇ ਇੱਕ ਅਣਪਛਾਤੇ ਮੁਲਜ਼ਮ ਸਮੇਤ ਦੋ ਲੋਕਾਂ ‘ਤੇ ਗ਼ੈਰ ਇਰਾਦਾਤਨ ਹੱਤਿਆ ਦਾ ਕੇਸ ਦਰਜ ਕੀਤਾ ਹੈ।ਪੁਲਿਸ ਨੇ ਇੱਕ ਮੁਲਜ਼ਮ ਝੰਬਾਲੀ ਨਿਵਾਸੀ 28 ਸਾਲ ਦੇ ਗੁਰਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁੱਛਗਿੱਛ ਦੌਰਾਨ ਹੱਤਿਆ ਵਿਚ ਸ਼ਾਮਲ ਮੁਲਜ਼ਮ ਨੇ ਦੱਸਿਆ ਕਿ ਉਹ ਅਤੇ ਅਸ਼ਵਨੀ ਇਕੱਠੇ ਕੰਮ ਕਰਨ ਦੇ ਨਾਲ-ਨਾਲ ਚੰਗੇ ਦੋਸਤ ਸਨ। ਅਕਸਰ ਇੱਕ ਦੂਜੇ ਨਾਲ ਮਜ਼ਾਕ ਕਰਦੇ ਰਹਿੰਦੇ ਸਨ। ਗੁਰਸੇਵਕ ਨੇ ਦੱਸਿਆ ਕਿ ਬੀਤੀ 11 ਤਰੀਕ ਨੂੰ ਵੀ ਉਹ ਅਤੇ ਇੱਕ ਹੋਰ ਕਰਮਚਾਰੀ ਅਸ਼ਵਨੀ ਨਾਲ ਮਜ਼ਾਕ ਕਰ ਰਹੇ ਸੀ ਪਰ ਇਹ ਨਹੀਂ ਜਾਣਦੇ ਸਨ ਕਿ ਗੈਸ ਦਾ ਪ੍ਰੈਸ਼ਰ ਇੰਨਾ ਤੇਜ਼ ਹੋਵੇਗਾ ਕਿ ਅਸ਼ਵਨੀ ਦੀ ਜਾਨ ਹੀ ਚਲੀ ਜਾਵੇਗੀ।ਐੱਸਐੱਚਓ ਨੇ ਦੱਸਿਆ ਕਿ ਹੱਤਿਆ ਦੇ ਮਾਮਲੇ ਵਿਚ ਸ਼ਾਮਲ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕਰਕੇ ਉਸ ਦੇ ਰਿਮਾਂਡ ਦੀ ਮੰਗ ਕੀਤੀ ਗਈ ਹੈ ਪਰ ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ। ਵਾਰਦਾਤ ਵਿਚ ਸ਼ਾਮਲ ਦੂਜੇ ਮੁਲਜ਼ਮ ਦੀ ਅਜੇ ਪਛਾਣ ਨਹੀਂ ਹੋ ਸਕੀ, ਪੁਲਿਸ ਉਸ ਦਾ ਪਤਾ ਲਗਾਉਣ ਵਿਚ ਲੱਗੀ ਹੋਈ ਹੈ। ਐੱਸਐੱਚਓ ਨੇ ਦੱਸਿਆ ਕਿ ਫੈਕਟਰੀ ਦੇ ਸਾਰੇ ਕਰਮਚਾਰੀਆਂ ਦੇ ਬਿਆਨ ਦਰਜ ਕੀਤੇ ਜਾਣੇ ਬਾਕੀ ਹਨ, ਜਿਸ ਤੋਂ ਪਤਾ ਲੱਗ ਸਕੇ ਕਿ ਵਾਰਦਾਤ ਦੇ ਸਮੇਂ ਕੌਣ-ਕੌਣ ਘਟਨਾ ਸਥਾਨ ‘ਤੇ ਮੌਜੂਦ ਸਨ। ਫਿਲਹਾਲ ਦੂਜੇ ਮੁਲਜ਼ਮ ਦੀ ਪਛਾਣ ਦਾ ਪਤਾ ਲਗਾਉਣ ਵਿਚ ਪੁਲਿਸ ਹਾਲੇ ਤੱਕ ਅਸਮਰੱਥ ਰਹੀ ਹੈ।ਦੱਸ ਦੇਈਏ ਕਿ ਇਸ ਤੋਂ ਪਹਿਲਾਂ ਲੁਧਿਆਣਾ ਵਿਚ ਵੀ ਕੁਝ ਮਹੀਨੇ ਪਹਿਲਾਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿਚ ਵੀ ਇੱਕ ਲੜਕੇ ਦੇ ਕੁਝ ਦੋਸਤਾਂ ਨੇ ਉਸ ਦੇ ਪ੍ਰਾਈਵੇਟ ਪਾਰਟ ਵਿਚ ਹਵਾ ਦੇ ਪ੍ਰੈਸ਼ਰ ਵਾਲਾ ਪਾਈਪ ਪਾ ਦਿੱਤਾ ਸੀ, ਜਿਸ ਤੋਂ ਬਾਅਦ ਉਸ ਲੜਕੇ ਦੀ ਮੌਤ ਹੋ ਗਈ ਸੀ।