ਸਿੱਧੂ ਨੇ ਕੀਤੀ ਮੰਗ-ਬੱਚੀਆਂ ਦੇ ਜਬਰ-ਜ਼ਨਾਹ ‘ਤੇ ਬਣੇ ਫਾਂਸੀ ਦਾ ਕਾਨੂੰਨ
ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਵਿਚ ਵੀ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਕਾਨੂੰਨ ਬਣਾਉਣ ਦੀ ਵਕਾਲਤ ਕੀਤੀ ਹੈ। ਜ਼ੀਰਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਵਿਚ ਸਿੱਧੂ ਨੇ ਕਿਹਾ ਕਿ ਇਸ ਕਾਨੂੰਨ ਦੇ ਨਾਲ-ਨਾਲ ਪੰਜਾਬ ਵਿਚ ਨਸ਼ੇ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਵੀ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।ਗੁਆਂਢੀ ਸੂਬੇ ਹਰਿਆਣਾ ਦੀ ਕੈਬਨਿਟ ਨੇ ਹਾਲ ਹੀ ਵਿਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੇ ਪ੍ਰਸਤਾਵ ਨੂੰ ਪਾਸ ਕੀਤਾ ਹੈ। ਇਹ ਬਿੱਲ ਵਿਧਾਨ ਸਭਾ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਬਣ ਜਾਵੇਗਾ। ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਨੇ ਵੀ ਬੱਚੀਆਂ ਨੂੰ ਦਰਿੰਦਿਆਂ ਤੋਂ ਬਚਾਉਣ ਲਈ ਅਜਿਹਾ ਹੀ ਕਾਨੂੰਨ ਬਣਾਇਆ ਸੀ।ਸਿੱਧੂ ਨੇ ਕਿਹਾ ਕਿ ਅਪਰਾਧੀ ਨੂੰ ਕਾਨੂੰਨ ਦਾ ਡਰ ਹੋਣਾ ਚਾਹੀਦਾ ਹੈ ਅਤੇ ਇਹ ਡਰ ਤਾਂ ਹੀ ਹੋਵੇਗਾ ਜੇਕਰ ਅਪਰਾਧ ਦੀ ਸਜ਼ਾ ਸਖਤ ਹੋਵੇਗੀ। ਅਰਬ ਦੇਸ਼ਾਂ ‘ਚ ਚੋਰੀ ‘ਤੇ ਹੱਥ ਕੱਟ ਦਿੱਤੇ ਜਾਂਦੇ ਹਨ ਅਤੇ ਨਸ਼ਾ ਸਮੱਗਲਿੰਗ ‘ਤੇ ਫਾਂਸੀ ਦੀ ਸਜ਼ਾ ਹੁੰਦੀ ਹੈ। ਲਿਹਾਜ਼ਾ ਇਨ੍ਹਾਂ ਦੇਸ਼ਾਂ ਵਿਚ ਕੋਈ ਅਪਰਾਧ ਕਰਨ ਦਾ ਹੌਸਲਾ ਨਹੀਂ ਕਰਦਾ।ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਨਸ਼ੇ ਦੇ ਸਮੱਗਲਰਾਂ ਲਈ ਫਾਂਸੀ ਦੀ ਵਕਾਲਤ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ੇ ਦੇ ਸਮੱਗਲਰ ਬਰਬਾਦ ਕਰ ਰਹੇ ਹਨ ਅਤੇ ਪੰਜਾਬ ਦੇ ਨੌਜਵਾਨ ਪੁਲਸ ਤੇ ਫੌਜ ਦੀ ਭਰਤੀ ਦੀ ਸਰੀਰਕ ਪ੍ਰੀਖਿਆ ਵਿਚ ਫੇਲ ਹੋ ਰਹੇ ਹਨ। ਲਿਹਾਜ਼ਾ ਜੇ ਅਜਿਹਾ ਸਖਤ ਕਦਮ ਨਾ ਚੁੱਕਿਆ ਗਿਆ ਤਾਂ ਪੰਜਾਬ ਦਾ ਨੌਜਵਾਨ ਪੂਰੀ ਤਰ੍ਹਾਂ ਬਰਬਾਦ ਹੋ ਜਾਵੇਗਾ।ਮੱਧ ਪ੍ਰਦੇਸ਼ ਅਤੇ ਹਰਿਆਣਾ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਅਪਰਾਧ ਨੂੰ ਰੋਕਣ ਲਈ ਕਿਤੇ ਵੀ ਚੰਗਾ ਕਾਨੂੰਨ ਲਾਗੂ ਹੋ ਰਿਹਾ ਹੈ ਤਾਂ ਉਸ ਦੀ ਨਕਲ ਕਰਨ ਵਿਚ ਕੋਈ ਬੁਰਾਈ ਨਹੀਂ ਹੋਣੀ ਚਾਹੀਦੀ। ਬੱਚੀਆਂ ਨਾਲ ਜਬਰ-ਜ਼ਨਾਹ ਨੂੰ ਸੱਭਿਅਕ ਸਮਾਜ ਬਰਦਾਸ਼ਤ ਨਹੀਂ ਕਰ ਸਕਦਾ ਅਤੇ ਅਜਿਹੇ ਅਪਰਾਧੀਆਂ ਨੂੰ ਵੀ ਜੁਰਮ ਸਾਬਤ ਹੋਣ ‘ਤੇ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਉਹ ਇਸ ਨੂੰ ਪੰਜਾਬ ਵਿਚ ਵੀ ਲਾਗੂ ਕਰਵਾਉਣ ਦਾ ਯਤਨ ਕਰਨਗੇ।