ਹੇਮਕੁੰਟ ਸਾਹਿਬ ਦੀ ਯਾਤਰਾ ਹੈਲੀਕਪਟਰ ਰਾਹੀਂ .. ਸਭ ਸੰਗਤ ਸ਼ੇਅਰ ਨਾਲ ਸ਼ੇਅਰ ਕਰੋ

ਹੇਮਕੁੰਟ ਸਾਹਿਬ ਜਾਣਾ ਹੈ ਆਸਾਨ ਦੇਖੌ .. ਕੁੱਝ ਹੈਲੀਕਪਟਰ ਦੀ ਯਾਤਰਾ ਸਭ ਨਾਲ ਸ਼ੇਅਰ ਕਰੋ ..

 

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 

 

ਉੱਤਰਾ ਖੰਡ ਵਾਲਾ ਇਹ ਟਿਕਾਣਾ ‘ਹੇਮਕੁੰਟ’ ਜੁਗਾਂ-ਜੁਗਾਂਤਰਾਂ ਤੋਂ ਮਹਾਂਪੁਰਖਾਂ, ਮਹਾਨ ਤਪੱਸਵੀਆਂ ਤੇ ਪ੍ਰਭੂ ਸੰਗ ਲਿਵ ਜੋੜਨ ਵਾਲਿਆਂ ਦੀ ਤਪੋ ਭੂਮੀ ਰਿਹਾ ਹੈ। ਸਦੀਆਂ ਪਹਿਲਾਂ ਬਰਫਾਂ ਲੱਦੀਆਂ ਇਨ੍ਹਾਂ ਪਹਾੜੀ-ਚੋਟੀਆਂ ਦੇ ਵਿਚ ਇਸ ਸਰੋਵਰ ਕੰਢੇ ਅਨੇਕ ਗੁਫਾਵਾਂ ਹੁੰਦੀਆਂ ਸਨ, ਜਿਨ੍ਹਾਂ ਵਿਚ ਰਿਸ਼ੀ-ਮੁਨੀ ਤੇ ਤਪੱਸਵੀ ਇਕਾਂਤ ਸ਼ਾਂਤ ਸਥਾਨ ਤੇ ਕੁਦਰਤ ਦੀ ਗੋਦੀ ਵਿਚ ਬੈਠ ਕੇ ਪ੍ਰਭੂ ਨਾਲ ਇੱਕਮਿਕ ਹੋਣ ਦਾ ਯਤਨ ਕੀਤਾ ਕਰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਿਛਲੇ ਸਰੂਪ ਵਿਚ ਇਸੇ ਅਸਥਾਨ ਉੱਪਰ ਇਕ ਗੁਫਾ ਵਿਚ ਰਹਿ ਕੇ ਤਪ ਕੀਤਾ ਸੀ।

hemkunt-200.jpg (14540 bytes)ਇਸ ਪਵਿੱਤਰ ਪਾਵਨ ਕੁੰਡ ਵਿਚ ਅੱਜ ਕੱਲ੍ਹ ਵੀ ਯਾਤਰੂ ਪ੍ਰਭੂ ਪਿਆਰ ਦੀ ਲਿਵ ਵਾਲੇ ਇਨਸਾਨ ਕਰਦੇ ਹਨ। ਯਾਤਰਾ ਭਾਵੇਂ ਅਤਿ ਕਠਿਨ ਹੈ ਪਰ ਹਰ ਸਾਲ ਲੱਖਾਂ ਦੀ ਗਿਣਤੀ ਵਿਚ ਉਦਮੀ ਸੰਗਤਾਂ ਜੂਨ ਮਹੀਨੇ ਤੋਂ ਆਪਣੀ ਯਾਤਰਾ ਕਰਦੀਆਂ ਹਨ।

Image result for hemkund sahib

ਸ੍ਰੀ ਹੇਮਕੁੰਟ ਸਾਹਿਬ ਉਹ ਪਵਿੱਤਰ ਤਪੋਭੂਮੀ ਹੈ ਜਿਥੇ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਪਿਛਲੇ ਸਰੂਪ ਵਿਚ ਬਹੁਤ ਲੰਮਾ ਸਮਾਂ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿਚ ਬਿਤਾਇਆ। ਇਸ ਆਤਮਕ ਅਵਸਥਾ ਵਿਚ ਆਪ ਅਤੇ ਅਕਾਲ ਪੁਰਖ ਵਿਚਾਲੇ ਕੋਈ ਭਿੰਨਤਾ ਨਾ ਰਹੀ। ਇਸ ਮਹਾਨ ਤਪੱਸਵੀ ਦੁਸ਼ਟ ਦਮਨ ਨੂੰ ਵਾਹਿਗੁਰੂ ਨੇ ਆਗਿਆ ਕੀਤੀ ਕਿ ਤੁਸੀਂ ਨਵੀਂ ਜੀਵਨ ਯਾਤਰਾ ਵਿਚ ਸੰਸਾਰ ‘ਤੇ ਜਾ ਕੇ ਧਰਮ ਦਾ ਪਸਾਰਾ ਕਰੋ। ਅਧਰਮੀਆਂ ਤੇ ਜ਼ਾਲਮਾਂ ਦੇ ਅਤਿਆਚਾਰਾਂ ਨੂੰ ਠੱਲ੍ਹ ਪਾਓ।

Image result for hemkund sahib

ਇਸ ‘ਹੁਕਮ’ ਦੀ ਪਾਲਣਾ ਕਰਦਿਆਂ ਦੁਸਟ-ਦਮਨ ਨੇ ਹੇਮਕੁੰਟ ਤੋਂ ਆ ਕੇ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖ ਤੋਂ ਪਟਨਾ ਸਾਹਿਬ ਵਿਚ ਜਨਮ ਲਿਆ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਸਵੈ-ਜੀਵਨੀ ‘ਬਚਿੱਤਰ ਨਾਟਕ’ ਵਿਚ ਆਪਣੀ ਵਰਤਮਾਨ ਜੀਵਨ ਯਾਤਰਾ ਤੇ ਪਿਛਲੇ ਸਰੂਪ ਦੇ ਸਮਾਚਾਰ ਆਪ ਵਰਨਣ ਕੀਤੇ ਹਨ ਜਿਨ੍ਹਾਂ ਤੋਂ ਆਪ ਦੇ ਇਸ ਤਪ ਅਸਥਾਨ ਦਾ ਸੰਸਾਰ ਨੂੰ ਗਿਆਨ ਹੋਇਆ:
” ਅਬ ਮੈਂ ਅਪਨੀ ਕਥਾ ਬਖਾਨੋ …ਤਪ ਸਾਧਤ ਜਿਹਿ ਬਿਧਿ ਮੋਹਿ ਆਨੋ
ਹੇਮਕੁੰਟ ਪਰਬਤ ਹੈ ਜਹਾਂ …ਸਪਤ ਸ੍ਰਿੰਗ ਸੋਭਿਤ ਹੈ ਤਹਾਂ।
(ਬਚਿੱਤਰ ਨਾਟਕ)॥

Image result for hemkund sahib

‘ਬਚਿੱਤਰ ਨਾਟਕ’ ਵਿਚ ਗੁਰੂ ਗੋਬਿੰਦ ਸਿੰਘ ਜੀ ਆਪ ਆਪਣੀ ਜੀਵਨ ਕਥਾ ਬਿਆਨ ਕਰਦਿਆਂ ਲਿਖਦੇ ਹਨ ਕਿ ਜਿਥੇ ਹੇਮਕੁੰਟ ਪਰਬਤ ਹੈ ਉਥੇ ਹੀ ਸਪਤ ਸਿੰ੍ਰਗ ਨਾਮ ਦਾ ਪਹਾੜ ਹੈ ਅਰਥਾਤ ਸੱਤ ਪਹਾੜੀਆਂ ਵਿਚਾਲੇ ਘਿਰਿਆ ਹੋਇਆ ਹਿਮਾਲਯ ਦੀ ਧਾਰ ਵਿਚ ਬਦਰੀ ਨਰਾਇਣ ਦੇ ਕੋਲ, ਇਸ ਪਹਾੜ ਦਾ ਨਾਮ ਹੁਣ ਵੀ ਸਪਤ ਸਿੰ੍ਰਗ ਹੈ। ਇਥੇ ਹੀ ਪਾਂਡਵ ਰਾਜੇ ਨੇ ਯੋਗ ਕਮਾਇਆ ਸੀ। ਇਸ ਅਸਥਾਨ ‘ਤੇ ਗੁਰੂ ਜੀ ਨੇ ਅਕਾਲ ਪੁਰਖ ਦੀ ਤਪੱਸਿਆ ਤੇ ਸਾਧਨਾ ਕੀਤੀ ਸੀ। ਜਦੋਂ ਗੁਰੂ ਗੋਬਿੰਦ ਸਿੰਘ ਤੇ ਅਕਾਲ ਪੁਰਖ ਦੋ ਤੋਂ ਇਕ ਰੂਪ ਹੋ ਗਏ ਤਾਂ ਪ੍ਰਭੂ ਨੇ ਪ੍ਰਸੰਨ ਹੋ ਕੇ ਆਗਿਆ ਕੀਤੀ ਤਾਂ ਗੁਰੂ ਗੋਬਿੰਦ ਸਿੰਘ ਨੇ ਕਲਯੁਗ ਵਿਚ ਜਨਮ ਲਿਆ। ਗੁਰੂ ਜੀ ਲਿਖਦੇ ਹਨ ਕਿ ਮੇਰੀ ਪ੍ਰਭੂ ਦੇ ਚਰਨਾਂ ਵਿਚ ਬਿਰਤੀ ਏਨੀ ਜੁੜ ਗਈ ਸੀ ਕਿ ਸੰਸਾਰ ਯਾਤਰਾਂ ਤੇ ਆਉਣ ਨੂੰ ਜੀਅ ਨਹੀਂ ਸੀ ਕਰਦਾ। ਪ੍ਰਭੂ ਨੇ ਮੈਨੂੰ ਸਮਝਾਇਆ ਤੇ ਫਿਰ ਇਸ ਸੰਸਾਰ ਯਾਤਰਾ ਲਈ ਨਿਸਚਿਤ ਕਾਰਜ ਦੇ ਕੇ ਭੇਜਿਆ।

ਕਲਗੀਧਰ ਪਾਤਸ਼ਾਹ ਦੀ ਜਗਤ ਫੇਰੀ ‘ਤੇ ਉਨ੍ਹਾਂ ਦੇ ਸਿੱਖਾਂ ਨੇ ਅਠਾਰਵੀਂ ਸਦੀ ਵਿਚ ਵਧੇਰੇ ਜਦੋ ਜਹਿਦ ਵਿਚ ਰੁੱਝੇ ਹੋਣ ਕਾਰਨ ਕਿਸੇ ਨੂੰ ਇਸ ਤਪੋ ਭੂਮੀ ਦੇ ਦਰਸ਼ਨ ਕਰਨ ਤੇ ਨਿਸ਼ਾਨ ਕਾਇਮ ਕਰਨ ਦਾ ਫੁਰਨਾ ਨਾ ਫੁਰਿਆ। ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਰਾਜ ਸਥਾਪਤ ਹੋਇਆ ਤਾ ਕਈ ਸਿੱਖ ਰਿਆਸਤਾਂ ਬਣ ਗਈਆਂ ਤੇ ਇਸ ਤਪੋ ਭੂਮੀ ਦੀ ਖੋਜ ਤੇ ਯਾਤਰਾ ਦਾ ਸਿਲਸਿਲਾ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚੋਂ ਇਸ ਤਪੋ ਭੂਮੀ ਦਾ ਵਿਸਥਾਰ ਨਾਲ ਵਰਨਣ ਕੀਤਾ ਤੇ ਹੇਮਕੁੰਟ ਸਪਤ ਸ੍ਰਿੰਗ ਦੀ ਯਾਤਰਾ ਕਰਕੇ ਇਸ ਤਪੋ ਭੂਮੀ ਦਾ ਵਿਸਥਾਰ-ਪੂਰਵਕ ਵਰਨਣ ਸਭ ਤੋਂ ਪਹਿਲਾਂ ਪੰਡਤ ਤਾਰਾ ਸਿੰਘ ਨਰੋਤਮ ਨੇ ਆਪਣੀ ਰਚਨਾ ‘ਗੁਰ ਤੀਰਥ ਸੰਗ੍ਰਿਹ’ ਵਿਚ ਕੀਤਾ। ਉਨ੍ਹਾਂ ਨੇ ਬਚਿੱਤਰ ਨਾਟਕ ਦੀਆਂ ਮੁਢਲੀਆਂ ਤੁਕਾਂ ਦੇ ਆਧਾਰ ‘ਤੇ ਇਸ ਅਸਥਾਨ ਦੀ ਖੋਜ ਸ਼ੁਰੂ ਕੀਤੀ। ਫਿਰ ਉਨ੍ਹਾਂ ਮਹਾਨ ਭਾਰਤੀ ਗ੍ਰੰਥਾਂ ਵਿਚੋਂ ਪਾਂਡੂ ਰਾਜੇ ਨੇ ਤਪ ਦੀ ਵਿੱਥਿਆ ਤੇ ਪਾਂਡੂਕੇਸ਼ਵਰ ਸਥਾਨ ਬਾਰੇ ਜਾਣਕਾਰੀ ਲੈ ਕੇ ਆਪ ਹੇਮਕੁੰਟ ਸਪਤ ਸਿੰ੍ਰਗ ਦੇ ਉਸ ਸਥਾਨ ‘ਤੇ ਪਹੁੰਚੇ ਜਿਥੇ ਦੁਸ਼ਟ-ਦਮਨ ਨੇ ਤਪ ਕੀਤਾ ਸੀ।

ਹੇਮਕੁੰਟ ਸੱਤ ਪਹਾੜੀਆਂ ਦੀ ਤਪੋ ਭੂਮੀ ‘ਤੇ ਦੁਸ਼ਟ-ਦਮਨ ਦੀ ਯਾਦਗਾਰ ਤੇ ਨਿਸ਼ਾਨ ਸਾਹਿਬ ਝੁਲਾਉਣ ਵਾਲੇ ਪਹਿਲੇ ਵਿਅਕਤੀ ਸੰਤ ਸੋਹਣ ਸਿੰਘ ਟੇਹਰੀਵਾਲੇ ਪਹਿਲੀ ਵਾਰ 1932 ਵਿਚ ਇਸ ਤਪੋ ਸਥਾਨ ਉੱਪਰ ਪਹੁੰਚੇ ਅਤੇ ਹਰ ਸਾਲ ਇਸ ਯਾਤਰਾ ‘ਤੇ ਆਉਣ ਲੱਗੇ। ਆਪ ਜੀ ਨੇ ਨਿਸ਼ਾਨ ਸਾਹਿਬ ਲਾਉਣ ਤੇ ਯਾਦਗਾਰ ਸਥਾਪਤ ਕਰਨ ਦਾ ਯਤਨ ਆਰੰਭਿਆ। ਸੰਤ ਸੋਹਣ ਸਿੰਘ ਦਾ ਮੇਲ ਸੰਨ 1935 ਵਿਚ ਭਾਈ ਵੀਰ ਸਿੰਘ ਜੀ ਨਾਲ ਹੋਇਆ ਤਾਂ ਆਪ ਨੇ ਹੇਮਕੁੰਟ ਸਪਤ ਸ੍ਰਿੰਗ ਦੀ ਕੀਤੀ ਯਾਤਰਾ ਅਤੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਤੇ ਨਿਸ਼ਾਨ ਸਾਹਿਬ ਲਾਉਣ ਦੀ ਇੱਛਾ ਪ੍ਰਗਟ ਕੀਤੀ। ਭਾਈ ਵੀਰ ਸਿੰਘ ਨੇ ਭਾਰੀ ਉਤਸ਼ਾਹ ਵਿਖਾਇਆ ਅਤੇ ਹਰ ਤਰ੍ਹਾਂ ਦੀ ਮਦਦ ਕੀਤੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ, ਰੁਮਾਲੇ, ਮੰਜੀ ਸਾਹਿਬ ਅਤੇ ਗੁਰਦੁਆਰੇ ਦਾ ਜ਼ਰੂਰੀ ਸਮਾਨ, ਵਿਛਾਈਆਂ, ਬਰਤਨ, ਕੁਝ ਪੁਸਤਕਾਂ ਤੇ ਇਕ ਤੰਬੂ ਆਦਿ ਲੈ ਕੇ ਦਿੱਤਾ ਤਾਂ ਕਿ ਗੁਰਦੁਆਰੇ ਦੀ ਉਸਾਰੀ ਸ਼ੁਰੂ ਕਰਨ ਤੋਂ ਪਹਿਲਾਂ ਉਥੇ ਰਹਿਣ ਤੇ ਪਾਠ ਕਰਨ ਦਾ ਕੰਮ ਜਾਰੀ ਹੋ ਸਕੇ। ਇਸ ਤਰ੍ਹਾਂ ਇਸ ਅਸਥਾਨ ਉਪਰ ਯਾਦਗਾਰ ਉਸਾਰਨ ਦਾ ਮੁੱਢ ਬੱਝ ਗਿਆ।

ਅਗਸਤ 1936 ਵਿਚ ਸੰਤ ਸੋਹਣ ਸਿੰਘ ਜੀ ਨੇ ਗੁਰਦੁਆਰੇ ਦੀ ਉਸਾਰੀ ਸ਼ੁਰੂ ਕੀਤੀ। ਤਿੰਨ ਮਹੀਨਿਆਂ ਵਿਚ 10 ਣ 10 ਫੁੱਟ ਦਾ ਕਮਰਾ ਅਤੇ ਤਿੰਨ ਫੁੱਟ ਦਾ ਬਰਾਂਡਾ ਬਣ ਗਿਆ। ਭਾਵੇਂ ਬਹੁਤ ਜ਼ਿਆਦਾ ਔਕੜਾਂ ਦੇ ਬਾਵਜੂਦ ਸੰਤ ਜੀ ਨੇ ਸੰਗਤਾਂ ਦੇ ਸਹਿਯੋਗ ਨਾਲ ਇਸ ਮਹਾਨ ਕਾਰਜ ਨੂੰ ਨੇਪਰੇ ਚਾੜ੍ਹਿਆ ਅਗਲੇ ਸਾਲ 1937 ਵਿਚ ਸੰਤ ਜੀ ਫਿਰ ਹੇਮਕੁੰਟ ਪਹੁੰਚੇ। ਇਸ ਵਾਰ ਉਹ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਤੇ ਗੁਰਦੁਆਰੇ ਦੇ ਹੋਰ ਸਮਾਨ ਦੇ ਨਾਲ ਪਹੁੰਚ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉਥੇ ਕਰ ਦਿੱਤਾ। ਨਿਸ਼ਾਨ ਸਾਹਿਬ ਵੀ ਝੁਲਾ ਦਿੱਤਾ ਗਿਆ। ਪ੍ਰਕਾਸ਼ ਵਾਲੇ ਦਿਨ ਗੁਰੂ ਦਾ ਅਤੁੱਟ ਲੰਗਰ ਇਸ ਤਪੋ ਭੂਮੀ ‘ਤੇ ਵਰਤਿਆ। ਕਾਫੀ ਗਿਣਤੀ ਵਿਚ ਸੰਗਤਾਂ ਵੀ ਪਹੁੰਚੀਆਂ। ਸੰਤ ਸੋਹਣ ਸਿੰਘ ਜੀ 13 ਫਰਵਰੀ 1939 ਨੂੰ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਅਤੇ ਇਸ ਤੋਂ ਪਹਿਲਾਂ ਇਸ ਅਸਥਾਨ ਦੀ ਸੇਵਾ ਸੰਭਾਲ ਗੁਰਮੁਖ ਪਿਆਰੇ ਮੋਦਨ ਸਿੰਘ ਹਵਾਲਦਾਰ ਅਤੇ ਮਹਾਂਪੁਰਖ ਸੰਤ ਠੰਡੀ ਸਿੰਘ ਜੀ ਨੂੰ ਸੌਂਪੀ । ਇਨ੍ਹਾਂ ਦੋਵਾਂ ਨੇ ਸੇਵਾ ਦਾ ਕਾਰਜ ਪੂਰੀ ਸ਼ਰਧਾ, ਉਤਸ਼ਾਹ ਅਤੇ ਲਗਨ ਨਾਲ ਅੱਗੇ ਤੋਰਿਆ। ਯਾਤਰਾ ‘ਤੇ ਆਉਣ ਵਾਲੀ ਸੰਗਤ ਲਈ ਰਸਤੇ ਵਿਚ ਬਹੁਤ ਸਾਰੇ ਗੁਰਦੁਆਰੇ ਅਤੇ ਸਰਾਵਾਂ ਦੀ ਉਸਾਰੀ ਸ਼ੁਰੂ ਕਰਵਾਈ। ਰਸਤੇ ਬਣਾਏ ਗਏ। ਯਾਤਰਾ ਲਈ ਹਰ ਸਾਲ ਲੱਖਾਂ ਸੰਗਤਾਂ ਹੇਮਕੁੰਟ ਸਾਹਿਬ ਜਾਣ ਲੱਗ ਪਈਆਂ। ਹਵਾਲਦਾਰ ਮੋਦਨ ਸਿੰਘ ਜੀ ਨੇ ਸੰਨ 1960 ਵਿਚ ਸੱਤ ਮੈਂਬਰੀ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟਰਸਟ ਬਣਾਇਆ। ਇਸ ਤਰ੍ਹਾਂ ਸ੍ਰੀ ਹੇਮਕੁੰਟ ਸਾਹਿਬ ਅਤੇ ਇਸ ਨਾਲ ਸਬੰਧਤ ਅਸਥਾਨਾਂ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਟਰਸਟ ਦੇ ਅਧੀਨ ਆ ਗਿਆ ਅਤੇ ਅੱਜ ਵੀ ਚੱਲ ਰਿਹਾ ਹੈ।

hemkunt-map1.jpg (14962 bytes)ਯਾਤਰਾ ਦੇ ਵੱਖ ਵੱਖ ਪੜਾਅ: ਪਹਿਲਾ ਪੜਾਅ ਹਿਮਾਚਲ ਪ੍ਰਦੇਸ਼ ਵਿਚ ਪਾਉਂਟਾ ਸਾਹਿਬ ਜਮਨਾ ਦੇ ਦਰਿਆ ਦੇ ਕੰਢੇ ਵਸਿਆ ਸ਼ਹਿਰ ਇਤਿਹਾਸ ਦੀਆਂ ਕਈ ਮਹਾਨ ਘਟਨਾਵਾਂ ਸਾਂਭੀ ਬੈਠਾ ਹੈ। ਇਸ ਸ਼ਹਿਰ ਦੀ ਨੀਂਹ ਅਤੇ ਨਾਮਕਰਨ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕੀਤਾ ਸੀ। ਗੁਰੂ ਜੀ ਸਾਢੇ ਚਾਰ ਸਾਲ (1685-1689) ਇਥੇ ਰਹੇ। ਇਥੇ ਹੀ ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ ਹੋਇਆ। ਬਹੁਤ ਸਾਰੀ ਸਾਹਿਤ ਰਚਨਾ ਵੀ ਜਮਨਾ ਦੇ ਕਿਨਾਰੇ ਇਥੇ ਹੀ ਕੀਤੀ। ਇਥੇ ਇਤਿਹਾਸਕ ਗੁਰ ਅਸਥਾਨਾਂ ਦੇ ਸੰਗਤਾਂ ਦਰਸ਼ਨ ਕਰਦੀਆਂ ਹਨ। ਇਸ ਤੋਂ ਅੱਗੇ ਦੀ ਯਾਤਰਾ ਦਾ ਰਸਤਾ ਦੇਹਰਾਦੂਨ ਤੋਂ ਲੰਘਦਿਆਂ ਰਿਸ਼ੀਕੇਸ਼ ਪਹੁੰਚ ਜਾਈਦਾ ਹੈ। ਉੱਤਰ ਪ੍ਰਦੇਸ਼ ਅਤੇ ਭਾਰਤ ਦੇ ਹੋਰ ਪ੍ਰਾਤਾਂ ਤੋਂ ਹੇਮਕੁੰਟ ਸਾਹਿਬ ਦੀ ਯਾਤਰਾ ਲਈ ਚਲਦੇ ਜਥੇ ਹਰਿਦੁਆਰ ਤੋਂ ਹੁੰਦੇ ਹੋਏ ਰਿਸ਼ੀਕੇਸ਼ ਪਹੁੰਚ ਕੇ ਦੂਜੇ ਯਾਤਰੀਆਂ ਨੂੰ ਮਿਲ ਜਾਂਦੇ ਹਨ।

ਰਿਸ਼ੀਕੇਸ਼ ਹਰਿਦੁਆਰ ਤੋਂ 24 ਕਿਲੋਮੀਟਰ ਦੂਰ ਗੰਗਾ ਕਿਨਾਰੇ ਇਤਿਹਾਸਕ ਤੇ ਤੀਰਥ ਯਾਤਰਾ ਲਈ ਪ੍ਰਸਿੱਧ ਅਸਥਾਨ ਹੈ। ਇਥੇ ਸਵਰਗ ਆਸ਼ਰਮ ‘ਤੇ ਨੇੜੇ ਹੀ ਲਛਮਣ ਝੂਲਾ ਹੈ। ਦਰਿਆ ਦਾ ਪੁਲ ਅਤੇ ਮੰਦਰ ਦੇਖਣ ਯੋਗ ਹਨ। ਰਿਸ਼ੀਕੇਸ਼ ਤੋਂ ਅੱਗੇ ਮਹੱਤਵਪੂਰਨ ਸਥਾਨ ਦੇਵ ਪ੍ਰਯਾਗ ਆਉਂਦਾ ਹੈ। ਦੇਵ ਪ੍ਰਯਾਗ ਚਾਰ ਚੁਫੇਰਿਉਂ ਕੁਦਰਤੀ ਨਜ਼ਾਰਿਆ ਨਾਲ ਭਰਿਆ ਅਸਥਾਨ ਹੈ। ਇਹ ਨਗਰ ਭਾਗੀਰਥੀ ਤੇ ਅਲਕਨੰਦਾ ਗੰਗਾ ਦੇ ਸੰਗਮ ‘ਤੇ ਸਥਿਤ ਹੈ। ਇਥੋਂ ਦੋ ਸੜਕਾਂ ਨਿਕਲਦੀਆਂ ਹਨ। ਇਕ ਅਲਕਨੰਦਾ ਦੇ ਕੰਢੇ ਸਿੱਧੀ ਹੇਮਕੁੰਟ ਤੇ ਬਦਰੀਨਾਥ ਵੱਲ ਜਾਂਦੀ ਹੈ। ਇਕ ਪਾਸੇ ਉੱਚੇ ਪਹਾੜ ਤੇ ਦੂਜੇ ਪਾਸੇ ਨਿਰਮਲ ਜਲ ਦਾ ਪ੍ਰਵਾਹ ਹੈ ਕਾਦਰ ਦੀ ਕੁਦਰਤ ਇਨਸਾਨੀ ਮਨਾਂ ਉਪਰ ਯਾਤਰਾ ਦੇ ਨਾਲ ਨਾਲ ਆਪਣੀ ਅਮਿੱਟ ਛਾਪ ਛਡਦੀ ਜਾਂਦੀ ਹੈ।

ਦੇਵ ਪ੍ਰਯਾਗ ਤੋਂ ਅੱਗੇ ਸ੍ਰੀ ਨਗਰ, ਗੜ੍ਹਵਾਲ ਆਉਂਦਾ ਹੈ। ਇਸ ਇਤਿਹਾਸਕ ਨਗਰ ਵਿਚ ਗੁਰੂ ਨਾਨਕ ਦੇਵ ਜੀ ਮਹਾਰਾਜ ਸੁਮੇਰ ਪਰਬਤ ‘ਤੇ ਜਾਣ ਸਮੇਂ ਕੁਝ ਸਮਾਂ ਠਹਿਰੇ ਸਨ। ਇਹ ਬਾਈਧਾਰ ਦੇ ਰਾਜੇ ਫਤਹਿਸ਼ਾਹ ਦੀ ਰਾਜਧਾਨੀ ਵੀ ਸੀ ਜਿਸ ਦੀ ਕੁੜੀ ਦੇ ਵਿਆਹ ਸਮੇਂ ਬਾਈਧਾਰ ਦੇ ਰਾਜਿਆਂ ਨੇ ਕਲਗੀਧਰ ਪਾਤਸ਼ਾਹ ‘ਤੇ ਹਮਲਾ ਕੀਤਾ ਭੰਗਾਣੀ ਦਾ ਯੁੱਧ ਹੋਇਆ ਸੀ। ਸ੍ਰੀ ਨਗਰ ਸਮੁੰਦਰੀ ਤਹਿ ਤੋਂ 3400 ਫੁੱਟ ਦੀ ਉਚਾਈ ‘ਤੇ ਅਲਕਨੰਦਾ ਦੇ ਕੰਢੇ ਲੰਬਾਈ ਵਿਚ ਵਸਿਆ ਸ਼ਹਿਰ ਹੈ। ਇਥੋਂ ਕੋਟ ਦੁਆਰ ਤੋਂ ਬਦਰੀਨਾਥ ਜਾਣ ਵਾਲੀ ਸੜਕ ਰਿਸ਼ੀਕੇਸ਼ ਤੋਂ ਆ ਰਹੀ ਸੜਕ ਨਾਲ ਰਲ ਜਾਂਦੀ ਹੈ। ਸਥਾਨਕ ਗੁਰਦੁਆਰਾ ਸਾਹਿਬ ਵਿਖੇ ਦੋ ਪੁਰਾਤਨ ਹੱਥ ਲਿਖਤ ਬੀੜਾਂ ਵੀ ਬਿਰਾਜਮਾਨ ਹਨ। ਸ੍ਰੀ ਨਗਰ ਤੋਂ ਚੱਲ ਕੇ ਯਾਤਰੀ ਪਹਾੜੀ ਪਿੰਡਾਂ ਤੇ ਕਸਬਿਆਂ ‘ਚੋਂ ਲੰਘਦਿਆਂ ਰੁਦਰਪ੍ਰਯਾਗ ਪਹੁੰਚ ਜਾਂਦੇ ਹਨ। ਇਥੇ ਦੋ ਨਦੀਆਂ ਅਲਕਨੰਦਾ ਤੇ ਮੰਦਾਕਨੀ ਦਾ ਸੰਗਮ ਹੈ। ਬਦਰੀ ਨਾਥ ਜਾਣ ਵਾਲਿਆਂ ਲਈ ਇਹ ਪ੍ਰਯਾਗ ਬੜੀ ਮਹੱਤਤਾ ਰੱਖਦਾ ਹੈ। ਅਗਲਾ ਪੜਾਅ ਰੁਦਰਪ੍ਰਯਾਗ ਤੋਂ ਅੱਗੇ ਕਰਨਪ੍ਰਯਾਗ ਆ ਜਾਂਦਾ ਹੈ। ਇਹ ਵੀ ਹਿੰਦੂ ਤੀਰਥ ਅਸਥਾਨਾਂ ਦੀ ਯਾਤਰਾ ‘ਤੇ ਜਾਣ ਵਾਲਿਆਂ ਲਈ ਮਹੱਤਵਪੂਰਨ ਪ੍ਰਯਾਗ ਹੈ। ਚਾਰ ਚੁਫੇਰੇ ਪਹਾੜਾਂ ਵਿਚੋਂ ਨਦੀਆਂ ਨਿਕਲ ਕੇ ਤੇਜ਼ੀ ਨਾਲ ਰਲ ਮਿਲ ਕੇ ਮੈਦਾਨ ਵੱਲ ਨੂੰ ਆ ਰਹੀਆਂ ਹਨ। ਦੋ ਨਦੀਆਂ ਪਿੰਡਰ ਗੰਗਾ ਤੇ ਅਲਕਨੰਦਾ ਦਾ ਸੰਗਮ ਹੈ। ਸਿੱਖ ਸੰਗਤਾਂ ਦੇ ਯਾਤਰੀ ਜਥੇ ਬੱਸਾਂ, ਕਾਰਾਂ ਆਦਿ ਸਾਧਨਾ ਰਾਹੀਂ ਸਫਰ ਕਰਦੇ ਚਮੋਲੀ ਪਹੁੰਚ ਜਾਂਦੇ ਹਨ। ਇਥੇ ਕੇਦਾਰਨਾਥ ਵਲੋਂ ਆਉਂਦੀਆਂ ਦੋ ਸੜਕਾਂ ਮਿਲਦੀਆਂ ਹਨ। ਇਥੇ ਯਾਤਰੂਆਂ ਲਈ ਸੁਖ ਆਰਾਮ ਤੇ ਖਾਣ ਪੀਣ ਦੀਆਂ ਸਹੂਲਤਾਂ ਆਮ ਹਨ।

ਅੱਗੇ ਅਨੇਕ ਵਲ ਖਾਂਦਾ ਰੌਚਿਕ ਤੇ ਪ੍ਰਭਾਵਤ ਕਰਨ ਵਾਲਾ ਪਹਾੜੀ ਸੜਕ ਸਫਰ ਦੇਖਣ ਯੋਗ ਨਜ਼ਾਰਾ ਬਣ ਜਾਂਦਾ ਹੈ ਅਤੇ ਅਗਲਾ ਵਿਸ਼ੇਸ਼ ਪੜਾਅ ਇਤਿਹਾਸਕ ਨਗਰ ਜੋਸ਼ੀ ਮੱਠ ਆਉਂਦਾ ਹੈ। ਜਦੋਂ ਸਰਦੀਆਂ ਵਿਚ ਬਦਰੀ ਨਾਥ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ ਤਾਂ ਬਦਰੀਨਾਥ ਤੋਂ ਲੋਕ ਜੋਸ਼ੀ ਮੱਠ ਆ ਜਾਂਦੇ ਹਨ। ਸ਼ੰਕਰਾਚਾਰੀਆਂ ਦੇ ਚਾਰ ਮੱਠਾਂ ਵਿਚੋਂ ਜੋਸ਼ੀਮੱਠ ਵੀ ਇਕ ਹੈ। ਇਥੇ ਸ਼ਾਨਦਾਰ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਜੋਸ਼ੀਮੱਠ ਤੋਂ ਅਗਲਾ ਪੜਾਅ ਗੋਬਿੰਦ ਘਾਟ ਹੈ। ਇਥੇ ਇਹ ਇਲਾਕਾ ਪੰਡੁਕੇਸ਼ਵਰ ਅਖਵਾਉਂਦਾ ਹੈ। ਕਿਸੇ ਜ਼ਮਾਨੇ ਵਿਚ ਪਾਂਡੂ ਰਾਜੇ ਨੇ ਤਪ ਕੀਤਾ ਸੀ। ਗੋਬਿੰਦ ਘਾਟ ਤੋਂ ਹੇਮਕੁੰਟ ਸਾਹਿਬ ਲਈ ਪੈਦਲ ਯਾਤਰਾ ਇਥੋਂ ਗੁਰਦੁਆਰਾ ਗੋਬਿੰਦਘਾਟ ਸਾਹਿਬ ਤੋਂ ਸ਼ੁਰੂ ਹੁੰਦੀ ਹੈ। ਯਾਤਰੀ ਰਾਤ ਠਹਿਰ ਕੇ ਸਵੇਰੇ ਸਾਝਰੇ ਹੀ ਆਪਣੀ ਅਗਲੀ ਯਾਤਰਾ ਸ਼ੁਰੂ ਕਰਦੇ ਹਨ। ਇਥੇ ਸੰਗਤਾਂ ਲਈ ਕੰਬਲਾਂ ਤੇ ਲੰਗਰ ਦਾ ਭੰਡਾਰਾ ਹੈ।

ਗੋਬਿੰਦ ਘਾਟ ਤੋਂ ਇਕ ਰਸਤਾ ਸ੍ਰੀ ਹੇਮਕੁੰਟ ਸਾਹਿਬ ਨੂੰ ਜਾਂਦਾ ਹੈ ਤੇ ਦੂਜਾ ਬਦਰੀ ਨਾਥ ਵੱਲ। ਗੁਰਦੁਆਰਾ ਗੋਬਿੰਦ ਘਾਟ ਸਮੁੰਦਰ ਤਲ ਤੋਂ ਛੇ ਹਜ਼ਾਰ ਫੁੱਟ ਦੀ ਉਚਾਈ ‘ਤੇ ਸ਼ਾਂ-ਸ਼ਾਂ ਵਗਦੀ ਅਲਕਨੰਦਾ ਦੇ ਤਟ ‘ਤੇ ਬਿਰਾਜਮਾਨ ਹੈ। ਇਸ ਨਦੀ ਦਾ ਪੁਲ ਪਾਰ ਕਰਕੇ ਲੋਕਪਾਲ ਘਾਟੀ ਵਿਚ ਪ੍ਰਵੇਸ ਕਰੀਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰਬਲੇ ਜਨਮ ਵਿਚ ਲੋਕਪਾਲ ਕਰਕੇ ਜਾਣਿਆ ਜਾਂਦਾ ਹੈ। ਇਸ ਕਰਕੇ ਇਸ ਵਾਦੀ ਦਾ ਨਾਮ ਵੀ ਲੋਕ ਪਾਲ ਦੇ ਨਾਲ ਜਾਣਿਆਂ ਜਾਂਦਾ ਹੈ। ਗੋਬਿੰਦ ਘਾਟ ਤੋਂ ਲੈ ਕੇ ਗੋਬਿੰਦ ਧਾਮ ਤਕ 12 ਕਿਲੋਮੀਟਰ ਦਾ ਪੈਦਲ ਸਫਰ ਬੜੇ ਰਮਣੀਕ ਅਸਥਾਨਾਂ ਉਤੇ ਚਾਹ-ਪਾਣੀ, ਪਕੌੜੇ , ਬਿਸਕੁਟ ਆਦਿ ਖਾਣ ਪੀਣ ਦੀਆਂ ਵਸਤਾਂ ਵਾਲੀਆਂ ਦੁਕਾਨਾਂ ਯਾਤਰੀਆਂ ਨੂੰ ਤਰੋਤਾਜ਼ਾ ਕਰਦੀਆਂ ਹਨ। ਗੋਬਿੰਦ ਧਾਮ ਸਮੁੰਦਰੀ ਤਟ ਤੋਂ 10 ਹਜ਼ਾਰ ਦੋ ਸੌ ਫੁੱਟ ਦੀ ਉਚਾਈ ‘ਤੇ ਸ੍ਰੀ ਹੇਮਕੁੰਟ ਸਾਹਿਬ ਪਹੁੰਚਣ ਲਈ ਆਖਰੀ ਪੜਾਅ ਹੈ। ਗੋਬਿੰਦ ਧਾਮ ਵਿਖੇ ਸ਼ਾਨਦਾਰ ਗੁਰਦੁਆਰਾ ਸਾਹਿਬ ਦੀ ਇਮਾਰਤ ਤੇ ਛੋਟਾ ਜਿਹਾ ਬਜ਼ਾਰ ਬੜਾ ਸੁੰਦਰ ਹੈ। ਇਥੇ ਲੰਗਰ ਅਤੇ ਚਾਹ ਹਰ ਸਮੇਂ ਮਿਲਦੀ ਹੈ। ਯਾਤਰੀ ਇਥੇ ਰਾਤ ਨੂੰ ਵਿਸ਼ਰਾਮ ਕਰਕੇ ਸਵੇਰੇ ਲੰਗਰ ਚਾਹ ਆਦਿ ਲੈ ਕੇ ਸ੍ਰੀ ਹੇਮਕੁੰਟ ਸਾਹਿਬ ਪਹੁੰਚਣ ਲਈ ਸਾਢੇ ਚਾਰ ਕਿਲੋਮੀਟਰ ਦਾ ਪੈਦਲ ਸਫਰ ਸ਼ੁਰੂ ਕਰਦੇ ਹਨ। ਇਥੋਂ ਤੁਰਦਿਆਂ ਤੁਰਦਿਆਂ ਹਰ ਹਿਰਦੇ ਵਿਚ ਛੇਤੀ ਤਪ ਅਸਥਾਨ ਦੇ ਦਰਸ਼ਨ ਕਰਨ ਦੀ ਤਾਂਘ ਬਰਫ ਦੇ ਗਲੇਸ਼ੀਅਰ ਵਿਚ ਬਣੇ ਰਸਤੇ ਨੂੰ ਪਾਰ ਕਰਦਿਆਂ ਸ੍ਰੀ ਹੇਮਕੁੰਟ ਸਾਹਿਬ ਲੈ ਜਾਂਦੀ ਹੈ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਚਾਰ ਚੁਫੇਰੇ ਬਰਫਾਂ ਹਨ। ਵਿਚਕਾਰ ਸਰੋਵਰ ਹੈ। ਇਸ ਵਿਚ ਨਿਕਲ ਕੇ ਜਲ ਦੀ ਇਕ ਧਾਰਾ ਕਈ ਮੀਲ ਹੇਠਾਂ ਜਾ ਕੇ ਅਲਕਨੰਦਾ ਵਿਚ ਜਾ ਮਿਲਣ ਦਾ ਅਦਭੁਤ ਨਜ਼ਾਰਾ ਪੇਸ਼ ਕਰਦੀ ਹੈ। ਸਰੋਵਰ ਵਿਚ ਇਸ਼ਨਾਨ ਕਰਕੇ ਸਰੀਰਕ ਥਕਾਵਟ ਲੱਥ ਜਾਂਦੀ ਹੈ। ਸਰੀਰ ਹੌਲਾ ਫੁੱਲ ਹੋ ਜਾਂਦਾ ਹੈ। ਇਸ ਤੋਂ ਬਾਅਦ ਗਰਮ ਗਰਮ ਚਾਹ ਦਾ ਲੰਗਰ ਲੈ ਕੇ ਸੰਗਤਾਂ ਸ਼ਰਧਾਂ ਪੂਰਵਕ ਨਮਸ਼ਕਾਰਾਂ ਕਰਦੀਆਂ ਦਰਬਾਰ ਸਾਹਿਬ ਦੀਆਂ ਹਾਜ਼ਰੀਆਂ ਭਰਦੀਆਂ ਹਨ। ਅੰਦਰ ਹੋ ਰਹੇ ਕਥਾ ਕੀਰਤਨ ਦਾ ਰਸ ਮਾਣਦੀਆਂ, ਠਰਦੀਆਂ ਆਪਣੇ ਮੁੱਖੋਂ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰਦੀਆਂ ਗੁਰੂ ਦੀ ਤਪ ਭੂਮੀ ਦੇ ਦਰਸ਼ਨ ਕਰਕੇ ਨਿਹਾਲ ਹੋ ਜਾਂਦੀਆਂ ਹਨ।

ਕਰਮਜੀਤ ਸਿੰਘ ਬਰਾੜ

 

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ


Posted

in

by

Tags: