ਮੈਨੂੰ ਵੀ ਇਸ ਦੁਨੀਆ ‘ਤੇ ਜਿਊਣ ਦਾ ਹੱਕ ਐ ,
ਮੈਂ ਵੀ ਤੇਰੀ ਗੋਦੀ ਦਾ ਸੁੱਖ ਮਾਨਣੈ ਮਾਂ
ਮਾਂ ਮੈਨੂੰ ਇੰਝ ਸੁੱਟ ਕੇ ਆਪਣੇ ਤੋਂ ਦੂਰ ਨਾ ਕਰ
ਲੁਧਿਆਣਾ : ਗੱਤੇ ਦੇ ਡੱਬੇ ‘ਚ ਬੰਦ ਮਾਸੂਮ ਬੱਚੀ ਉਸ ਵੇਲੇ ਸ਼ਾਹਿਦ ਇਹੀ ਦੁਹਾਈਆਂ ਪਾ ਰਹੀ ਹੋਵੇਗੀ ਜਦੋਂ ਉਸਦੇ ਆਪਣੇ ਸਕੇ ਉਸ ਨੂੰ ਝਾੜੀਆਂ ‘ਚ ਸੁੱਟ ਗਏ। ਜੀ ਹਾਂ ਦਿਲ ਨੂੰ ਵਲੂੰਧਰ ਕੇ ਰੱਖ ਦੇਣ ਵਾਲੀ ਇਹ ਖ਼ਬਰ ਲੁਧਿਆਣਾ ਦੇ ਸਰਾਭਾ ਨਗਰ ਤੋਂ ਸਾਹਮਣੇ ਆਈ ਹੈ, ਜਿਥੇ ਇਸੀ ਨੰਨੀ ਪਰੀ ਨੂੰ ਇਸਦੇ ਘਰਦਿਆਂ ਨੇ ਠੁਕਰਾਉਂਦੇ ਹੋਏ ਉਸਨੂੰ ਗੱਤੇ ਦੇ ਡੱਬੇ ‘ਚ ਪਾ ਕੇ ਝਾੜੀਆਂ ‘ਚ ਸੁੱਟ ਦਿੱਤਾ। ਪਰ ਅਸੀਂ ਇਹ ਸਕਦੇ ਹਾਂ ਕਿ ਇਸ ਬੱਚੀ ਦੀ ਕਿਸਮਤ ਨੇ ਇਸ ਨੂੰ ਅਵਾਰਾ ਕੁੱਤਿਆਂ ਦਾ ਭੋਜਨ ਬਣਨ ਤੋਂ ਬਚਾਅ ਲਿਆ। ਕਿਉਂਕਿ ਝਾੜੀਆਂ ਕੋਲੋਂ ਲੰਘਦੇ ਇੱਕ ਰਾਹਗੀਰ ਨੇ ਮਾਸੂਮ ਬੱਚੀ ਦੀ ਰੋਣ ਦੀ ਆਵਾਜ਼ ਸੁਣ ਕੇ ਝਾੜੀਆਂ ‘ਚ ਦੇਖਿਆ ਤਾਂ ਉਥੋਂ ਇਹ ਨੰਨੀ ਬੱਚੀ ਗੱਤੇ ਦੇ ਡੱਬੇ ‘ਚੋਂ ਮਿਲੀ। ਜਿਸ ਤੋਂ ਬਾਅਦ ਰਾਹਗੀਰ ਨੇ ਇਸ ਬੱਚੀ ਨੂੰ ਚੁੱਕ ਕੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਇਸ ਸ਼ਰਮਨਾਕ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਰਮਨਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਕਿਸੇ ਦੀ ਇਤਲਾਹ ਦੇ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨੇ ਮੌਕੇ ‘ਤੇ ਪਹੁੰਚ ਕੇ ਮਾਸੂਮ ਬੱਚੀ ਨੂੰ ਕਬਜ਼ੇ ਲੈ ਬਣਦੀ ਕਾਰਵਾਈ ਕਰਦੇ ਹੋਏ ਬੱਚੀ ਦਾ ਇੱਕ ਨਿਜੀ ਹਸਪਤਾਲ ‘ਚ ਮੈਡੀਕਲ ਕਰਵਾਇਆ, ਜਿਥੇ ਡਾਕਟਰਾਂ ਨੇ ਬੱਚੀ ਨੂੰ ਤੰਦਰੁਸਤ ਦੱਸਿਆ।
ਦਸਦੀਏ ਕਿ ਮਾਸੂਮ ਬੱਚੀ ਦੀ ਉਮਰ ਮਹਿਜ਼ 3 ਦਿਨ ਦੀ ਹੈ। ਫਿਲਹਾਲ ਬੱਚੀ ਨੂੰ ਮੁੱਲਾਂਪੁਰ ਨੇੜੇ ਤਲਵੰਡੀ ਧਾਮ ਭੇਜ ਦਿੱਤਾ ਗਿਆ।
ਜਿਥੇ ਅੱਜ ਦੇ ਸਮੇਂ ਕੁੜੀਆਂ ਮੁੰਡਿਆਂ ਨੂੰ ਹਰ ਕੰਮ ‘ਚ ਪਛਾੜ ਰਹੀਆਂ ਹਨ ਤੇ ਦੇਸ਼ ਦਾ ਮਾਪਿਆਂ ਦਾ ਨਾਮ ਉੱਚਾ ਕਰਦੀਆਂ ਹਨ, ਉਥੇ ਹੀ ਅਜੇ ਵੀ ਕੁਝ ਅਜਿਹੇ ਕਲਯੁੱਗੀ ਲੋਕ ਹਨ, ਜੋ ਅਜਿਹੇ ਸ਼ਰਮਨਾਕ ਤੇ ਘਟੀਆ ਕੰਮ ਕਰਨ ਲੱਗੇ ਇੱਕ ਪਲ ਨਹੀਂ ਸੋਚਦੇ। ਸੋ ਲੋੜ ਹੈ ਸਾਨੂੰ ਸਭ ਨੂੰ ਅਜਿਹੀਆਂ ਸਮਾਝਿਕ ਬੁਰਾਈਆਂ ਖ਼ਿਲਾਫ਼ ਇੱਕਜੁੱਟ ਹੋਣ ਦੀ ਤੇ ਸੋਚ ਬਦਲਣ ਦੀ।