ਇਹਨਾਂ ਗੱਲਾਂ ਨੂੰ ਅਪਨਾ ਕੇ ਵਿਆਹੁਤਾ ਜ਼ਿੰਦਗੀ ਨੂੰ ਭਰੋ ਖੁਸ਼ੀਆਂ ਨਾਲ…. ..


ਅਕਸਰ ਕਿਹਾ ਜਾਂਦਾ ਹੈ ਕਿ ਧੀਆਂ ਘਰ ਦੀ ਰੌਣਕ ਹੁੰਦੀਆਂ ਹਨ। ਇਸ ਗੱਲ ਬਾਰੇ ਕੋਈ ਦੋ ਰਾਵਾਂ ਹੋ ਹੀ ਨਹੀਂ ਸਕਦੀਆਂ। ਜਿਸ ਘਰ ਵਿੱਚ ਧੀਆਂ ਹੋਣ ਉਸ ਘਰ ਦਾ ਰੱਖ-ਰਖਾਓ ਤੇ ਸੁਹਜ ਸਲੀਕਾ ਦੂਜਿਆਂ ਨਾਲੋਂ ਨਿਵੇਕਲਾ ਹੁੰਦਾ ਹੈ। ਉਨ੍ਹਾਂ ਦੀ ਹੋਂਦ ਅਤੇ ਹਾਸਾ-ਠੱਠਾ ਘਰ ਨੂੰ ਰੌਣਕ ਭਰਪੂਰ ਬਣਾਉਣ ਵਿੱਚ ਸਹਾਈ ਹੁੰਦਾ ਹੈ, ਪਰ ਦੇਰ ਸਵੇਰ ਧੀਆਂ ਨੇ ਇੱਕ ਦਿਨ ਪਰਦੇਸਣਾਂ ਹੋ ਕੇ ਆਪਣੇ ਸਹੁਰੇ ਘਰ ਜਾ ਵੱਸਣਾ ਹੁੰਦਾ ਹੈ। ਇਸ ਲੲੀ ਕਿਸੇ ਘਰ ਦੀ ਅਸਲੀ ਰੌਣਕ ਤਾਂ ਅਸਲ ਵਿੱਚ ਨੂੰਹਾਂ ਹੁੰਦੀਆਂ ਹਨ। ਇਸ ਗੱਲ ਦਾ ਅਹਿਸਾਸ ਸਾਨੂੰ ਆਪਣੇ ਘਰ ਨੂੰਹ ਆਉਣ ਤੋਂ ਬਾਅਦ ਬਹੁਤ ਸ਼ਿੱਦਤ ਨਾਲ ਹੋਇਆ। ਧੀ ਲੲੀ ਬਹੁਤ ਅੌਖਾ ਹੁੰਦਾ ਹੈ ਮਾਪਿਆਂ ਤੋਂ ਵਿੱਛੜਨਾ, ਪਰ ਜੇ ਕਿਸੇ ਧੀ ਨੂੰ ਸਹੁਰੇ ਘਰ ਵਿੱਚ ਸੱਚਾ ਸਨੇਹ ਤੇ ਇੱਜ਼ਤ ਮਾਣ ਮਿਲ ਜਾਵੇ ਤਾਂ ਉਦਾਸੀ ਦੀ ਸ਼ਿੱਦਤ ਹੀ ਨਹੀਂ ਘਟਦੀ ਸਗੋਂ ਨਵੀਂ ਜ਼ਿੰਦਗੀ ਦੀ ਰਵਾਨੀ ਵੀ ਸਹਿਜ ਹੋ ਜਾਂਦੀ ਹੈ।

ਅਜੋਕੇ ਪੜ੍ਹੇ ਲਿਖੇ ਬੱਚੇ ਬਹੁਤ ਸਿਆਣੇ ਹਨ ਖ਼ਾਸ ਕਰਕੇ ਲੜਕੀਆਂ ਜ਼ਿੰਦਗੀ ਦੀ ਸਮਝ ਵਧੇਰੇ ਰੱਖਦੀਆਂ ਹਨ। ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਪਰਿਵਾਰ ਆਪਣੀਆਂ ਧੀਆਂ ਨੂੰ ਸੁਚੱਜੀ ਸਿੱਖਿਆ ਦੇ ਕੇ ਹੀ ਸਹੁਰੇ ਘਰ ਤੋਰਦੇ ਹਨ।

ਸਾਡੇ ਲਈ ਇਹ ਡਾਹਢੀ ਖ਼ੁਸ਼ੀ ਵਾਲੀ ਗੱਲ ਹੈ ਕਿ ਸਾਡੀ ਨੂੰਹ ਰਾਣੀ ਆਪਣੇ ਸੁਚੱਜ, ਸਲੀਕੇ, ਖਿੜੇ ਚਿਹਰੇ ਅਤੇ ਸ਼ਹਿਦ ਵਰਗੇ ਮਿੱਠੇ ਬੋਲਾਂ ਨਾਲ ਵਿਚਰਦੀ ਸਭ ਦੇ ਦਿਲਾਂ ਵਿੱਚ ਵਸ ਗਈ ਹੈ। ਸਾਡੇ ਘਰ ਦਾ ਹਰ ਜੀਅ ਵੀ ਹਮੇਸ਼ਾਂ ਉਸ ਦੀ ਪਸੰਦ ਤੇ ਖ਼ੁਸ਼ੀ ਦਾ ਖਿਆਲ ਰੱਖਣ ਵਿੱਚ ਕਦੇ ਕੁਤਾਹੀ ਨਹੀਂ ਕਰਦਾ।

ਫਿਰ ਵੀ ਅਖ਼ਬਾਰਾਂ ਵਿੱਚ ਅਜਿਹੀਆਂ ਦੁਖਦਾਈ ਖ਼ਬਰਾਂ ਅਕਸਰ ਪੜ੍ਹਨ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਹਨ ਕਿ ਵਿਆਹ ਦੇ ਤੀਜੇ-ਚੌਥੇ ਮਹੀਨੇ ਬਾਅਦ ਹੀ ਨਿੱਕੀ ਜਿਹੀ ਗੱਲ ’ਤੇ ਖਿਲਾਰ ਪੈ ਜਾਂਦਾ ਹੈ ਅਤੇ ਦਿਲਾਂ ਵਿੱਚ ਦੂਰੀਆਂ ਵਧ ਜਾਂਦੀਆਂ ਹਨ। ਜੇ ਸੂਝ ਸਿਆਣਪ ਨਾ ਵਰਤੀ ਜਾਵੇ ਤਾਂ ਇਹ ਵਧੀਆਂ ਹੋਈਆਂ ਦੂਰੀਆਂ ਕੋਰਟ ਕਚਹਿਰੀਆਂ ਦੇ ਰਾਹ ਵੀ ਪੈ ਜਾਂਦੀਆਂ ਹਨ।

ਇਹ ਵੀ ਸਭ ਨੂੰ ਪਤਾ ਹੈ ਕਿ ਇੱਥੋਂ ਕਦੇ ਕੋਈ ਜਿੱਤ ਕੇ ਨਹੀਂ ਪਰਤਿਆ। ਸਹੁਰੇ ਘਰ ਵਿੱਚ ਨੂੰਹ ਨੂੰ ਰਚਦਿਆਂ ਮਿਚਦਿਆਂ ਕੁਝ ਸਮਾਂ ਲੱਗਣਾ ਸੁਭਾਵਿਕ ਗੱਲ ਹੈ। ਜੇ ਪੁੱਤ ਵਾਲਾ ਪਰਿਵਾਰ ਇਸ ਗੱਲ ਨੂੰ ਸਮਝ ਕੇ ਲੜਕੀ ਨਾਲ ਪਿਆਰ ਤੇ ਮਿੱਠੀ ਜ਼ੁਬਾਨ ਨਾਲ ਪੇਸ਼ ਆਵੇ ਕੋਈ ਕਾਰਨ ਨਹੀਂ ਹੈ ਕਿ ਕਿਸੇ ਗੱਲ ਨੂੰ ਸੁਲਝਾਇਆ ਨਾ ਜਾ ਸਕੇ।

ਹਰ ਪਰਿਵਾਰ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਸ ਦੀ ਧੀ ਨੂੰ ਸਹੁਰੇ ਘਰ ਵਿੱਚ ਬਣਦਾ ਆਦਰ ਮਾਣ, ਪਿਆਰ ਤੇ ਚੰਗਾ ਵਰਤਾਉ ਮਿਲੇ। ਰੀਝਾਂ ਤੇ ਚਾਵਾਂ ਨਾਲ ਵਿਆਹ ਕੇ ਲਿਆਂਦੀ ਨੂੰਹ ਦੇ ਮਾਮਲੇ ਵਿੱਚ ਸ਼ਾਇਦ ਅਸੀਂ ਇਹ ਗੱਲ ਭੁੱਲ ਜਾਂਦੇ ਹਾਂ। ਦਰਦ ਨਾਲ ਮਪਿਆਂ ਦਾ ਸੀਨਾ ਪਾਟ ਜਾਂਦਾ ਹੈ ਜਦੋਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦੀ ਧੀ ਸਹੁਰੇ ਘਰ ਵਿੱਚ ਦੁਖੀ ਹੈ। ਜਿਸ ਦਿਨ ਅਸੀਂ ਆਪਣੇੇ ਘਰਾਂ ਵਿੱਚ ਨੂੰਹਾਂ ਨਾਲ ਵੀ ਧੀਆਂ ਵਰਗਾ ਵਿਵਹਾਰ ਕਰਨ ਲੱਗ ਪਏ, ਉਸ ਦਿਨ ਸਾਡੇ ਘਰ ਖ਼ੁਸ਼ੀਆਂ ਨਾਲ ਭਰ ਜਾਣੇ ਹਨ।

ਅਸੀਂ ਅਜੇ ਤਕ ਵੀ ਅੌਰਤਾਂ ਨੂੰ ਬਰਾਬਰੀ ਤੇ ਸਤਿਕਾਰ ਦੇਣ ਦੀ ਮਾਨਸਿਕਤਾ ਤੋਂ ਵਿਰਵੇ ਹਾਂ।
ਜਿਸ ਘਰ ਵਿੱਚ ਨੂੰਹਾਂ ਧੀਆਂ ਹੋਣ ਉਹ ਘਰ ਸੁਹਜ, ਸਜਾਵਟ ਤੇ ਸਲੀਕੇ ਦਾ ਮੁਜੱਸਮਾ ਬਣ ਜਾਂਦਾ ਹੈ। ਜੇਕਰ ਅਸੀਂ ਆਪਣੀ ਨੂੰਹ ਰਾਣੀ ਨਾਲ ਆਪਣੀ ਧੀ ਤੋਂ ਵੀ ਵੱਧ ਪਿਆਰ ਤੇ ਅਪਣੱਤ ਦਾ ਪ੍ਰਗਟਾਵਾ ਕਰਦੇ ਹਾਂ ਤਾਂ ਉਹ ਵੀ ਇਸ ਘਰ ਵਿੱਚ ਇੰਜ ਰਚ ਮਿਚ ਗਈ ਹੈ ਤੇ ਏਨਾ ਪਿਆਰ ਤੇ ਸਤਿਕਾਰ ਦੇ ਰਹੀ ਹੈ ਕਿ ਹਰ ਕੋਈ ਖ਼ੁਸ਼ੀ ਵਿੱਚ ਫੁੱਲਿਆ ਨਹੀਂ ਸਮਾਉਂਦਾ।

ਸੱਚਮੁਚ ਹੀ ਨੂੰਹਾਂ ਘਰ ਦੀ ਰੌਣਕ ਹਨ। ਇਨ੍ਹਾਂ ਨੂੰ ਪਿਆਰ ਦੇ ਕੇ ਤਾਂ ਦੇਖੋ ਇਹ ਤੁਹਾਡੇ ਉੱਤੋਂ ਆਪਣੀ ਜਿੰਦ ਵੀ ਵਾਰਨ ਲਈ ਤਿਆਰ ਹੋ ਜਾਣਗੀਆਂ। ਮੈਨੂੰ ਤਾਂ ਆਪਣੇ ਘਰ ਵਿੱਚ ਸੱਸ-ਨੂੰਹ ਦੇ ਪ੍ਰੰਪਰਾਗਤ ਤਕਰਾਰ ਦੀ ਝਲਕ ਵੀ ਕਦੇ ਦੇਖਣ ਨੂੰ ਨਹੀਂ ਮਿਲੀ। ਦੋਵੇਂ ਇੱਕ ਦੂਜੇ ਦੇ ਸਾਹਾਂ ’ਚ ਵਿਚਰਦੀਆਂ ਹਨ। ਸ਼ਾਲਾ! ਇਹ ਖ਼ੁਸ਼ੀਆਂ ਭਰਿਆ ਸੁਹਾਵਣਾ ਮੰਜ਼ਰ ਇਸ ਤਰ੍ਹਾਂ ਹੀ ਸਲਾਮਤ ਰਹੇ।

ਪੋਸਟ ਵਧੀਆ ਲੱਗੇ ਤਾਂ ਸ਼ੇਅਰ ਜ਼ਰੂਰ ਕਰੋ ਜੀ


Posted

in

by

Tags: