ਕੰਜੂਸੀਆਂ ਕਰ ਕਰ ਜੋੜੇ ਸੱਤ ਸੌ ਡਾਲਰ ਕਨੇਡਾ ਦੀ ਪਹਿਲੀ ਠੰਡ ਦੀ ਭੇਂਟ ਚੜ ਗਏ ….

ਅੱਠ ਮਹੀਨੇ ਪਹਿਲਾਂ ਕਨੇਡਾ ਆਉਣ ਦਾ ਸਬੱਬ ਬਣਿਆ ! ਕਿਸੇ ਨੇ ਚੱਲੀ ਹੋਈ ਕਾਰ ਪੰਜ ਹਜਾਰ ਡਾਲਰ ਵਿਚ ਲੈ ਦਿੱਤੀ। ਸਾਰੀਆਂ ਗਰਮੀਆਂ ਠੀਕ ਠਾਕ ਚੱਲੀ। ਸਿਰਫ ਟਾਇਰ ਹੀ ਬਦਲਾਉਣੇ ਪਏ। ਪਰ ਜਿੱਦਾਂ ਆਖਦੇ ਕਿ ਮੈਨੀਟੋਬਾ ਵਿਚ ਬੰਦੇ ਤੇ ਮਸ਼ੀਨਰੀ ਦੀ ਅਸਲ ਪਰਖ ਸਿਆਲ ਵਿਚ ਹੁੰਦੀ

 

ਇੱਕ ਦਿਨ ਸਵੇਰੇ ਸਵੇਰੇ -30 ਡਿਗਰੀ ਵਾਲੀ ਵਾਲੀ ਠੰਡ ‘ਚ ਕੰਮ ਤੇ ਜਾਂਦਿਆਂ ਰਾਹ ਵਿਚ ਜੁਆਬ ਦੇ ਗਈ !
ਯਾਰਾਂ ਦੋਸਤਾਂ ਨੂੰ ਬਥੇਰੇ ਫੋਨ ਲਾਏ ਪਰ ਸਭ ਬਿਜ਼ੀ।

ਕੋਲੋਂ ਲੰਘਦੇ ਗੋਰੇ ਨੇ ਧੱਕਾ ਲਵਾ ਕੇ ਪਾਸੇ ਤੇ ਲਵਾ ਦਿੱਤੀ ਤੇ ਟੋ-ਟਰੱਕ ਦਾ ਨੰਬਰ ਦੇ ਦਿੱਤਾ। ਟੋ-ਟਰੱਕ ਵਾਲੇ ਵੀ ਸਾਰੇ ਰੁਝੇ ਹੋਏ ਤੇ ਕੋਈ ਵੀ ਫੋਨ ਨਾ ਚੁੱਕੇ ! ਉੱਤੋਂ ਹੱਥ ਵੀ ਸੁੰਨ ਹੋਈ ਜਾਣ।

ਸ਼ਸ਼ੋਪੰਜ ਤੇ ਘਬਰਾਹਟ ਵਿਚ ਕਦੀ ਗੱਡੀ ਤੋਂ ਬਾਹਰ ਆਏ ਤੇ ਕਦੀ ਅੰਦਰ, ਅਖੀਰ ਕਿਸੇ ਜਾਣਕਾਰ ਦਾ ਤਰਲਾ ਮਿੰਨਤ ਕਰ ਟੈਕਸੀ ਮੰਗਵਾਈ ਤੇ ਫੇਰ ਤੀਹ ਡਾਲਰ ਦੇ ਕੇ ਕੰਮ ਤੇ ਪੁੱਜਾ।

ਅੱਗੋਂ ਕੰਮ ਤੇ ਹਾਲੇ ਵੀ ਤਿੰਨ ਮਹੀਨਿਆਂ ਦੀ ਪ੍ਰੋਬੇਸ਼ਨ ਬਾਕੀ ਸੀ। ਨਾਲਦੇ ਡਰਾਈ ਜਾਣ ਕੇ ਕੰਮ ਤੇ ਲੇਟ ਆਇਆਂ ਹੈਂ। ਨੌਕਰੀ ਤੋਂ ਜੁਆਬ ਵੀ ਮਿਲ ਸਕਦਾ ਹੈ।

ਸੌ ਡਾਲਰ ਦੇ ਕੇ ਕਾਰ ਟੋਅ ਕਰਾਈ। ਮਗਰੋਂ ਬੈਟਰੀ ਤੇ ਅਲਟਰਨੇਟਰ ਤੇ ਹੋਰ ਵੀ ਬਹੁਤ ਕੁਝ ਬਦਲਾਉਣ ਪਿਆ। ਕੰਜੂਸੀਆਂ ਕਰ ਕਰ ਜੋੜੇ ਸੱਤ ਸੌ ਡਾਲਰ ਕਨੇਡਾ ਦੀ ਪਹਿਲੀ ਠੰਡ ਦੀ ਭੇਂਟ ਚੜ ਗਏ ਤੇ ਉੱਤੋਂ ਸੁੰਨ ਹੋਏ ਉਂਗਲਾਂ ਦੇ ਪੋਟੇ ਅਜੇ ਤੀਕਰ ਸੂਤ ਨੀ ਆਏ ! ਗੱਲ ਕੀ ਬੀ ਮਰਿਆ ਸੱਪ ਗਲ਼ ਪੈ ਗਿਆ।

ਪਰ ਅਗਲੇ ਨੂੰ ਸਭ ਤੋਂ ਵੱਡਾ ਗਿਲਾ ਇਹ ਹੈ ਕੇ ਜਿਸ ਨੇ ਝੂਠੀਆਂ ਸਿਫਤਾਂ ਦੇ ਪੁਲ ਬੰਨ ਬੰਨ ਢਾਈ ਹਜਾਰ ਵਾਲੀ ਪੰਜ ਹਜਾਰ ਵਿਚ ਮੱਥੇ ਮੜੀ ਸੀ ਉਹ ਕੋਈ ਹੋਰ ਨਹੀਂ ਸਗੋਂ ਬਹੁਤ ਹੀ ਨੇੜੇ ਦਾ ਖਾਸ ਰਿਸ਼ਤੇਦਾਰ ਸੀ।

ਸੋ ਦੋਸਤੋ ਨਵੇਂ ਆਏ ਭੋਲੇ ਪੰਛੀਆਂ ਨੂੰ ਇਥੋਂ ਦੀਆਂ ਕਾਰਾਂ ਗੱਡੀਆਂ ਤੇ ਘਰਾਂ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਹੁੰਦੀ ਤੇ ਇਹ ਸਾਡਾ ਫਰਜ ਬਣਦਾ ਹੈ ਕਿ ਜੇ ਉਹਨਾ ਨੂੰ ਆਪਣੇ ਵਰਤੇ ਹੋਏ ਘਰ ਤੇ ਜਾਂ ਫੇਰ ਵਰਤੀਆਂ ਹੋਈਆਂ ਕਾਰਾਂ ਵੇਚਣੀਆਂ ਵੀ ਹੋਣ ਤਾਂ ਪੂਰੀ ਤਰਾਂ ਤੱਸਲੀ ਬਖਸ਼ ਰਿਪੇਅਰ ਕਰਵਾ ਕੇ ਅਤੇ ਵਾਜਿਬ ਮੁੱਲ ਤੇ ਹੀ ਵੇਚੀਏ ਕਿਉਂਕਿ ਪੁਰਾਣੀ ਕਹਾਵਤ ਹੈ ਕਿ ਇਨਸਾਨ ਪਹਿਲੀ ਮੁਹੱਬਤ ਅਤੇ ਆਪਣੇ ਨਾਲ ਹੋਇਆ ਪਹਿਲਾ ਧੋਖਾ ਸਾਰੀ ਜ਼ਿੰਦਗੀ ਨਹੀਂ ਭੁੱਲਦਾ।

✍ ਹਰਪ੍ਰੀਤ ਸਿੰਘ ਜਵੰਦਾ


Posted

in

by

Tags: