ਚੀਮੇ ਤੇ ਵਿਰਕ ਤੋਂ ਵਿਕਰਮ ਬਰਾੜ ਨੂੰ ਲੱਭਾ ਗੌਂਡਰ ਦਾ ਸੁਰਾਗ

ਚੀਮੇ ਤੇ ਵਿਰਕ ਤੋਂ ਵਿਕਰਮ ਬਰਾੜ ਨੂੰ ਲੱਭਾ ਗੌਂਡਰ ਦਾ ਸੁਰਾਗ

ਚੰਡੀਗੜ੍ਹ: ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ‘ਚ ਸਭ ਤੋਂ ਅਹਿਮ ਭੂਮਿਕਾ ਇੰਸਪੈਕਟਰ ਵਿਕਰਮ ਬਰਾੜ ਨੇ ਨਿਭਾਈ ਹੈ। ਇੱਕ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਬਰਾੜ ਦੀ ਪਿੱਠ ਥਾਪੜੀ ਹੈ। ਦੂਜੇ ਪਾਸੇ ਵਿੱਕੀ ਤੇ ਪ੍ਰੇਮਾ ਦਾ ਪਰਿਵਾਰ ਕਹਿ ਰਿਹਾ ਕਿ ਉਹ ਸਰੰਡਰ ਕਰਨਾ ਚਾਹੁੰਦੇ ਸੀ। ਵਿਕਰਮ ਬਰਾੜ ਨੇ ਇਹ ਜ਼ਿੰਮੇਵਾਰੀ ਲਈ ਸੀ। ਉਨ੍ਹਾਂ ਦਾ ਕਹਿਣਾ ਕਿ ਇਹ ਝੂਠਾ ਐਨਕਾਊਂਟਰ ਹੈ ਤੇ ਉਨ੍ਹਾਂ ਨੂੰ ਸੱਦ ਕੇ ਮਾਰਿਆ ਗਿਆ ਹੈ। ਅਜਿਹੇ ‘ਚ ‘ਏਬੀਪੀ ਸਾਂਝਾ’ ਨੇ ਜਿੱਥੇ ਵਿੱਕੀ ਗੌਂਡਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ, ਉੱਥੇ ਹੀ ਵਿਕਰਮ ਬਰਾੜ ਨਾਲ ਵੀ ਵਿਸਥਾਰ ਵਿੱਚ ਗੱਲਬਾਤ ਕੀਤੀ। ਹਾਲਾਂਕਿ, ਬਰਾੜ ਕੈਮਰੇ ਸਾਹਮਣੇ ਆਉਣ ਲਈ ਤਿਆਰ ਨਾ ਹੋਏ ਪਰ ਉਨ੍ਹਾਂ ਫੋਨ ‘ਤੇ ਸਵਾਲਾਂ ਦੇ ਜਵਾਬ ਦਿੱਤੇ।

ਕਿਵੇਂ ਹੋਇਆ ਵਿੱਕੀ ਗੌਂਡਰ ਦਾ ਐਨਕਾਊਂਟਰ?

ਇੰਸਪੈਕਟਰ ਵਿਕਰਮ ਬਰਾੜ ਮੁਤਾਬਕ “ਮੈਂ ਕਾਫੀ ਸਮੇਂ ਤੋਂ ਇਸੇ ਕੰਮ ‘ਤੇ ਲੱਗਿਆ ਹੋਇਆ ਸੀ। ਹੋਰ ਵੀ 7-8 ਟੀਮਾਂ ਇਨ੍ਹਾਂ ਗੈਂਗਸਟਰਾਂ ਦੀ ਗ੍ਰਿਫ਼ਤਾਰੀ ਲਈ ਲੱਗੀਆਂ ਹੋਈਆਂ ਸੀ। ਸਾਡੀ ਟੀਮ ਨੇ ਇੱਕ ਨਾਕੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਅਮਨਦੀਪ ਸਿੰਘ ਚੀਮਾ ਤੇ ਹਰਨਾਮ ਸਿੰਘ ਵਿਰਕ ਗ੍ਰਿਫ਼ਤਾਰ ਕੀਤੇ। ਇਨ੍ਹਾਂ ਕੋਲ ਡਰੱਗ ਸੀ। ਪੁੱਛਗਿੱਛ ਵਿੱਚ ਇਨ੍ਹਾਂ ਕਈ ਵੱਡੇ ਖ਼ੁਲਾਸੇ ਕੀਤੇ। ਇੱਥੋਂ ਹੀ ਸਾਨੂੰ ਗੈਂਗਸਟਰਾਂ ਲਈ ਲੋੜੀਂਦੇ ਸੂਤਰ ਮਿਲੇ। ਅਸੀਂ ਜਾਂਚ ਅੱਗੇ ਵਧਾਈ ਤਾਂ ਗੈਂਗਸਟਰਾਂ ਦੀ ਸਰਗਰਮੀ ਪਤਾ ਲੱਗਣ ਲੱਗੀ।

ਕਈ ਹੋਰ ਥਾਵਾਂ ‘ਤੇ ਵੀ ਅਸੀਂ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਚ ਕੇ ਨਿਕਲਦੇ ਰਹੇ। ਫੇਰ ਸਾਡੇ ਸੂਤਰ ਹੋਰ ਮਜ਼ਬੂਤ ਹੋ ਹਏ। ਅਸੀਂ ਇਨ੍ਹਾਂ ਦੇ ਨੇੜੇ ਪੁੱਜ ਗਏ। ਆਖਰੀ ਦਿਨਾਂ ‘ਚ ਇਹ ਸਾਡੇ ਰਾਡਾਰ ‘ਤੇ ਸੀ। ਫ਼ੋਨ ਲੋਕੇਸ਼ਨ ਦਾ ਪਤਾ ਲੱਗ ਰਿਹਾ ਸੀ। ਜਿਸ ਦਿਨ ਐਨਕਾਊਂਟਰ ਹੋਇਆ ਅਸੀਂ ਇਨ੍ਹਾਂ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਸੀ, ਇਹ ਨਾ ਮੰਨੇ। ਸਾਡੇ ‘ਤੇ ਗੋਲੀ ਚਲਾਈ ਤੇ ਸਾਡੇ ਜਵਾਬੀ ਹਮਲੇ ‘ਚ ਇਹ ਮਾਰੇ ਗਏ।

ਗੌਂਡਰ ਨਾਲ ਯਾਰੀ ‘ਤੇ ਇੰਸਪੈਕਟਰ ਬਰਾੜ ਦਾ ਜਵਾਬ-

ਮੇਰੇ ਬਾਰੇ ਸਭ ਝੂਠ ਕਿਹਾ ਜਾ ਰਿਹਾ ਹੈ। ਜੇ ਇਹ ਸੱਚ ਹੈ ਤਾਂ ਕੋਈ ਮੇਰੇ ਖ਼ਿਲਾਫ਼ ਇੱਕ ਵੀ ਸਬੂਤ ਦਿਖਾਏ। ਬਰਾੜ ਨੇ ਕਿਹਾ ਮੈਂ ਵਿੱਕੀ ਤੋਂ ਲਗਪਗ 10 ਸਾਲ ਵੱਡਾ ਹਾਂ। ਉਹ ਨਾ ਮੇਰੇ ਨਾਲ ਪੜ੍ਹਦਾ ਸੀ ਤੇ ਨਾ ਮੇਰੇ ਨਾਲ ਖੇਡਦਾ ਸੀ। ਮੇਰੀ ਉਸ ਨਾਲ ਨਾ ਕਦੇ ਕੋਈ ਗੱਲ ਹੋਈ ਤੇ ਉਹ ਨਾ ਮੈਨੂੰ ਕਦੇ ਮਿਲਿਆ ਸੀ। ਨਾ ਹੀ ਕੋਈ ਸਰੰਡਰ ਕਰਨ ਵਾਲੀ ਗੱਲ ਹੋਈ ਸੀ। ਜੇ ਉਨ੍ਹਾਂ ਦੇ ਪਰਿਵਾਰ ਕੋਲ ਸਬੂਤ ਹਨ ਤਾਂ ਪੇਸ਼ ਕਰਨ। ਕਿਹਾ ਜਾ ਰਿਹਾ ਕਿ ਮੈਂ ਉਸ ਨੂੰ ਪੰਡੋਰੀ ਮੁਕਾਬਲੇ ‘ਚੋਂ ਬਚਾਇਆ। ਇਹ ਹਾਸੋਹੀਣੀ ਗੱਲ ਹੈ। ਮੈਂ ਸਭ ਕੁਝ ਇੱਕ ਜ਼ਿੰਮੇਵਾਰ ਤੇ ਇਮਾਨਦਾਰ ਪੁਲਿਸ ਅਧਿਕਾਰੀ ਵਾਂਗ ਕੰਮ ਕਰਦਾ ਹਾਂ। ਸਾਨੂੰ ਉਨ੍ਹਾਂ ਦੀ ਸੂਚਨਾ ਕਿਸ ਨੇ ਦਿੱਤੀ, ਮੈਂ ਇਹ ਨਹੀਂ ਦੱਸ ਸਕਦਾ ਪਰ ਸੂਚਨਾ ਸਹੀ ਸੀ ਤੇ ਅਸੀਂ ਆਪਣੀ ਡਿਊਟੀ ਨਿਭਾਈ।

ਐਨਕਾਊਂਟਰ ਸੱਚਾ ਹੈ ਤੇ ਇਸ ਦਾ ਸੱਚ ਜਾਂਚ ‘ਚ ਵੀ ਸਾਹਮਣੇ ਆ ਜਾਵੇਗਾ ਕਿਉਂਕਿ ਅਸੀਂ ਕੁਝ ਵੀ ਗ਼ਲਤ ਨਹੀਂ ਕੀਤਾ। ਉਨ੍ਹਾਂ ਕਿਹਾ ਸਾਡਾ ਕੰਮ ਸਮਾਜ ‘ਚ ਕਾਨੂੰਨ ਵਿਵਸਥਾ ਕਾਇਮ ਕਰਨਾ ਹੈ ਤੇ ਅਸੀਂ ਉਸ ਲਈ ਹਰ ਜਾਇਜ਼ ਕਦਮ ਪੁੱਟਦੇ ਹਾਂ।


Posted

in

by

Tags: