‘ਛੇਤੀ ਕੈਨੇਡਾ ਬੁਲਾਉਣਾ ਸੀ ਪਰ ‘ਛੇਤੀ’ ਕਦੇ ਨਹੀਂ ਆਈ’….
ਐੱਨਆਰਆਈਜ਼ ਨਾਲ ਵਿਆਹ ਕਰਵਾ ਕੇ ਮੁਸ਼ਕਿਲਾਂ ਝੱਲ ਰਹੀਆਂ ਅਤੇ ਮਦਦ ਦੀ ਗੁਹਾਰ ਲਗਾਉਣ ਵਾਲੀਆਂ ਔਰਤਾਂ ਦੀ ਗਿਣਤੀ ਮੁਲਕ ਵਿੱਚ ਲਗਾਤਾਰ ਵਧ ਰਹੀ ਹੈ।
ਪਿਛਲੇ ਪੰਜ ਸਾਲਾਂ ‘ਚ ਅਜਿਹੀਆਂ ਸ਼ਿਕਾਇਤਾਂ ਕਰਨ ਵਾਲੀਆਂ ਕੁੜੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ।
ਦਿੱਲੀ ਮਹਿਲਾ ਕਮਿਸ਼ਨ ਕੋਲ 2013 ‘ਚ ਜਿੱਥੇ 361 ਔਰਤਾਂ ਨੇ ਸ਼ਿਕਾਇਤ ਕੀਤੀ ਸੀ, ਉੱਥੇ 2017 ਵਿੱਚ ਉਨ੍ਹਾਂ ਨੂੰ 528 ਸ਼ਿਕਾਇਤਾਂ ਮਿਲੀਆਂ ਹਨ।
ਇਨ੍ਹਾਂ ਵਿੱਚੋਂ ਵਧੇਰੇ ਔਰਤਾਂ ਦੀਆਂ ਦੋ ਤਰ੍ਹਾਂ ਦੀਆਂ ਸ਼ਿਕਾਇਤਾਂ ਹਨ।
ਕਈ ਔਰਤਾਂ ਦੇ ਪਤੀ ਵਿਆਹ ਕਰਵਾ ਕੇ ਉਨ੍ਹਾਂ ਨੂੰ ਭਾਰਤ ‘ਚ ਹੀ ਛੱਡ ਕੇ ਚਲੇ ਗਏ।
ਕਈ ਅਜਿਹੀਆਂ ਹਨ ਜਿਨ੍ਹਾਂ ਨੂੰ ਨਾਲ ਤਾਂ ਲੈ ਗਏ ਪਰ ਉੱਥੇ ਉਨ੍ਹਾਂ ਨੂੰ ਤੰਗ ਕੀਤਾ ਜਾ ਰਿਹਾ ਹੈ।
ਵਿਦੇਸ਼ ‘ਚ ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਹੈ।
ਪੰਜਾਬ ਦੇ ਜ਼ਿਲ੍ਹੇ ਮੁਹਾਲੀ ਦੀ ਰਹਿਣ ਵਾਲੀ ਰਮਨ ਦੀ ਕਹਾਣੀ ਉਨ੍ਹਾਂ ਵਿੱਚੋਂ ਹੀ ਇੱਕ ਹੈ।
”ਮੇਰੇ ਜੇਠ ਦੇ 16 ਸਾਲ ਦੇ ਪੁੱਤਰ ਨੇ ਜੇਠ ਦੇ ਸਾਹਮਣੇ ਮੇਰੇ ਨਾਲ ਜਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਸਮੇਂ ਕਮਰੇ ‘ਚ ਮੇਰੇ ਨਾਲ ਮੇਰਾ ਸਹੁਰਾ ਪਰਿਵਾਰ ਵੀ ਮੌਜੂਦ ਸੀ। ਮੇਰੀ ਨਨਾਣ ਮੈਨੂੰ ਫੋਨ ‘ਤੇ ਗਾਲਾਂ ਰਿਕਾਰਡ ਕਰਕੇ ਭੇਜਦੀ ਹੈ। ਸਹੁਰੇ ਪਰਿਵਾਰ ਤੱਕ ਤਾਂ ਠੀਕ ਸੀ, ਪਰ ਪੇਕੇ ਘਰ ਵੀ ਮੇਰੇ ਸਹੁਰੇ ਮੈਨੂੰ ਜੀਣ ਨਹੀਂ ਦੇ ਰਹੇ।”
ਫੋਨ ‘ਤੇ ਰੋਂਦਿਆਂ ਰਮਨ ਨੇ ਇਹ ਕਹਾਣੀ ਬੀਬੀਸੀ ਨੂੰ ਸੁਣਾਈ। ਉਨ੍ਹਾਂ ਦਾ ਵਿਆਹ 4 ਦਸੰਬਰ 2016 ਨੂੰ ਕੈਨੇਡਾ ‘ਚ ਰਹਿਣ ਵਾਲੇ ਹਰਪ੍ਰੀਤ ਨਾਲ ਹੋਇਆ ਸੀ। ਵਿਆਹ ਤੋਂ ਕਰੀਬ ਦੋ ਮਹੀਨੇਂ ਬਾਅਦ ਹੀ ਹਰਪ੍ਰੀਤ ਰਮਨ ਨੂੰ ਸਹੁਰੇ ਘਰ ਛੱਡ ਕੈਨੇਡਾ ਆਪਣੇ ਕੰਮ ‘ਤੇ ਪਰਤ ਗਿਆ।
ਜਾਂਦੇ ਸਮੇਂ ਰਮਨ ਨਾਲ ਵਾਅਦਾ ਕੀਤਾ ਕਿ ਉਹ ‘ਛੇਤੀ’ ਹੀ ਉਸ ਨੂੰ ਵੀ ਕੈਨੇਡਾ ਬੁਲਾ ਲਏਗਾ। ਪਰ ‘ਛੇਤੀ’ ਕਦੇਂ ਨਹੀਂ ਆਇਆ।
ਕੀ ਕਹਿੰਦੇ ਹਨ ਅੰਕੜੇ
ਤਾਜ਼ਾ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਇਹ ਉਡੀਕ ਇਕੱਲੀ ਰਮਨ ਦੀ ਨਹੀਂ ਹੈ। ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਇੱਕ ਜਨਵਰੀ 2015 ਤੋਂ 30 ਨਵੰਬਰ 2017 ਵਿਚਾਲੇ ਮੰਤਰਾਲੇ ਦੇ ਐੱਨਆਰਆਈ ਸੈੱਲ ‘ਚ ਪਤੀ ਤੋਂ ਤੰਗ ਆਈਆਂ ਔਰਤਾਂ ਦੇ 3,328 ਸ਼ਿਕਾਇਤਾਂ ਭਰੇ ਫੋਨ ਆਏ।
ਕਹਿਣ ਦਾ ਅਰਥ ਕਿ ਹਰ 8 ਘੰਟੇ ਘੱਟ ਤੋਂ ਘੱਟ ਇੱਕ ਮਹਿਲਾ ਨੇ ਮੰਤਰਾਲੇ ਤੋਂ ਫੋਨ ਕਰ ਕੇ ਮਦਦ ਮੰਗਦੀ ਹੈ।
50 ਫੀਸਦ ਤੋਂ ਵੱਧ ਔਰਤਾਂ ਪੰਜਾਬ ਤੋਂ
ਵਿਦੇਸ਼ ਮੰਤਰਾਲੇ ਅਨੁਸਾਰ ਤੰਗ ਆਈਆਂ ਔਰਤਾਂ ਵਿੱਚੋਂ ਸਭ ਤੋਂ ਵੱਧ ਪੰਜਾਬ ਦੀਆਂ ਹਨ।
ਦੂਜੇ ਅਤੇ ਤੀਜੇ ਨੰਬਰ ‘ਤੇ ਤੇਲੰਗਾਨਾ ਤੇ ਕਰਨਾਟਕ ਦੀਆਂ ਔਰਤਾਂ ਹਨ।
ਰਮਨ ਦੀ ਕਹਾਣੀ ਅਜਿਹੀ ਸੀ ਜਿਸ ‘ਚ ਪਤੀ ਨੇ ਵਿਆਹ ਤੋਂ ਬਾਅਦ ਪਤਨੀ ਨੂੰ ਛੱਡ ਦਿੱਤਾ, ਪਰ ਪੰਜਾਬ ਦੀ ਦੂਜੀ ਕੁੜੀ ਮਨਦੀਪ ਦਾ ਕਿੱਸਾ ਥੋੜ੍ਹਾ ਫਿਲਮੀ ਹੈ।
ਸ਼ਾਪਿੰਗ ਮਾਲ ‘ਚ ਉਸ ਨੂੰ ਇੱਕ ਵਾਰ ਦੇਖ, ਮੁੰਡੇ ਵਾਲਿਆਂ ਨੇ ਖੁਦ ਉਸ ਨਾਲ ਵਿਆਹ ਕਰਨ ਦੀ ਇੱਛਾ ਜ਼ਾਹਿਰ ਕੀਤੀ।
ਕੁੜੀ ਵਾਲਿਆਂ ਨੇ ਪਹਿਲਾਂ ਤਾਂ ਮਨਦੀਪ ਦੀ ਪੜ੍ਹਾਈ ਦਾ ਬਹਾਨਾ ਬਣਾ ਕੇ ਨਾਂਹ ਕਰ ਦਿੱਤੀ।
ਪਰ ਹੱਥ ਆਏ ਐੱਨਆਰਆਈ ਮੁੰਡੇ ਨੂੰ ਉਹ ਗੁਆਉਣਾ ਵੀ ਨਹੀਂ ਚਾਹੁੰਦੇ ਸਨ।
22 ਮਾਰਚ 2015 ਨੂੰ ਹਰਜੋਤ ਨਾਲ ਮਨਦੀਪ ਦਾ ਵਿਆਹ ਕਰਵਾ ਦਿੱਤਾ ਗਿਆ।
ਉਹ ਵੀ ਕੈਨੇਡਾ ‘ਚ ਰਹਿੰਦਾ ਹੈ, ਪਰ ਕੈਨੇਡਾ ‘ਚ ਕਿੱਥੇ ਇਸ ਦਾ ਅੰਦਾਜ਼ਾ ਮਨਦੀਪ ਨੂੰ ਨਹੀਂ ਹੈ।
ਵਿਆਹ ਦੇ 5 ਮਹੀਨੇ ਤੱਕ ਉਹ ਨਾਲ ਰਹੇ। ਫਿਰ ਪਤੀ ਕੈਨੇਡਾ ਚਲਾ ਗਿਆ, ਪਰ ਉੱਥੇ ਜਾਣ ਤੇ ਦੋਹਾਂ ਵਿਚਾਲੇ ਸਿਰਫ਼ ਇੱਕ ਵਾਰ ਗੱਲ ਹੋਈ।
ਉਹ ਦੱਸਦੇ ਹਨ ਕਿ ਇੱਕ ਦਿਨ ਉਨ੍ਹਾਂ ਦੇ ਸਹੁਰਾ ਸਾਹਿਬ ਜਿਹੜੇ ਰਿਟਾਇਰਡ ਪੁਲਿਸ ਕਰਮੀ ਹਨ, ਨੇ ਬੰਦੂਕ ਦਿਖਾ ਕੇ ਕਾਗਜ਼ ਉੱਤੇ ਲਿਖਵਾਇਆ ਕਿ ਮੈਂ ਆਪਣੇ ਪਤੀ ਤੋਂ ਤਲਾਕ ਲੈਣਾ ਚਾਹੁੰਦਾ ਹਾਂ।
ਹੈਰਾਨੀ ਦੀ ਗੱਲ ਇਹ ਹੈ ਕਿ ਰਮਨ ਅਤੇ ਮਨਦੀਪ ਦੋਹਾਂ ਨੇ ਵਿਦੇਸ਼ ਮੰਤਰਾਲੇ ਦੇ ਐੱਨਆਰਆਈ ਸੈੱਲ ‘ਚ ਸ਼ਿਕਾਇਤ ਨਹੀਂ ਕੀਤੀ।
ਦੋਹਾਂ ਨੇ ਸਥਾਨਕ ਪੁਲਿਸ ਥਾਣਿਆਂ ‘ਚ ਆਪਣਾ ਮਾਮਲਾ ਦਰਜ ਕਰਵਾਇਆ ਹੈ।
ਕਹਿਣ ਤੋਂ ਭਾਵ ਕਿ ਵਿਦੇਸ਼ ਮੰਤਰਾਲੇ ਦੇ ਅੰਕੜੇ ਵੀ ਪੂਰੀ ਤਸਵੀਰ ਬਿਆਨ ਨਹੀਂ ਕਰਦੇ।
ਸ਼ਿਕਾਇਤ ਕਿਵੇਂ ਤੇ ਕਿੱਥੇ ਕਰੀਏ?
ਕਾਨੂੰਨ ਅਨੁਸਾਰ ਐੱਨਆਰਆਈ ਵਿਆਹਾਂ ਨਾਲ ਜੁੜੇ ਮਾਮਲਿਆਂ ਦੀ ਸ਼ਿਕਾਇਤ ਕੋਈ ਵੀ ਕੁੜੀ ਕੌਮੀ ਮਹਿਲਾ ਕਮਿਸ਼ਨ ਕੋਲ ਕਰ ਸਕਦੀ ਹੈ।
ਕਮਿਸ਼ਨ ਸ਼ਿਕਾਇਤ ਦੀ ਇੱਕ ਕਾਪੀ ਵਿਦੇਸ਼ ਮੰਤਰਾਲੇ ਅਤੇ ਇੱਕ ਕਾਪੀ ਪੁਲਿਸ ਨੂੰ ਭੇਜਦੀ ਹੈ।
ਕਮਿਸ਼ਨ ਸਥਾਨਕ ਪੁਲਿਸ ਦੀ ਸਹਾਇਤਾ ਨਾਲ ਦੋਹਾਂ ਧਿਰਾਂ ਨਾਲ ਗੱਲ ਕਰਦੀ ਹੈ।
ਜੇ ਮੁੰਡੇ ਦੇ ਖਿਲਾਫ਼ ਰੈੱਡ ਅਲਰਟ ਨੋਟਿਸ ਜਾਰੀ ਕਰਨਾ ਹੈ ਤਾਂ ਪੁਲਿਸ ਦਾ ਇਸ ਵਿੱਚ ਅਹਿਮ ਰੋਲ ਹੁੰਦਾ ਹੈ।
ਵਿਦੇਸ਼ ਮੰਤਰਾਲੇ ਦਾ ਕੀ ਹੈ ਕਿਰਦਾਰ?
ਫਿਰ ਵਿਦੇਸ਼ ਮੰਤਰਾਲਾ ਉਸ ਦੇਸ਼ ਨਾਲ ਸੰਪਰਕ ਕਰਦਾ ਹੈ ਜਿੱਥੇ ਮੁੰਡਾ ਰਹਿੰਦਾ ਹੈ।
ਕੁੜੀ ਦੇ ਕੋਲ ਜਿਹੜੇ ਵੀ ਸਬੂਤ ਹੋਣ ਉਹ ਪੇਸ਼ ਕਰ ਸਕਦੀ ਹੈ, ਜਿਵੇਂ ਕਿ ਪਤੀ ਦੇ ਪਾਸਪੋਰਟ ਦੀ ਕਾਪੀ ਜਾਂ ਕੋਈ ਹੋਰ ਜਾਣਕਾਰੀ ਤੇ ਦਸਤਾਵੇਜ਼।
ਜੇ ਮੁੰਡੇ ਦੀ ਕੰਪਨੀ ਦਾ ਪਤਾ ਹੋਵੇ ਤਾਂ ਕੌਮੀ ਮਹਿਲਾ ਕਮਿਸ਼ਨ ਕੰਪਨੀ ਨਾਲ ਵੀ ਸੰਪਰਕ ਕਰਦਾ ਹੈ।
ਇਸ ਤਰੀਕੇ ਨਾਲ ਮੁੰਡੇ ‘ਤੇ ਵੱਧ ਦਬਾਅ ਬਣ ਸਕਦਾ ਹੈ।
ਜਦੋਂ ਮੁੰਡੇ ਦੀ ਨੌਕਰੀ ‘ਤੇ ਗੱਲ ਆਉਂਦੀ ਹੈ ਤਾਂ ਉਹ ਮਾਮਲੇ ਨੂੰ ਸੁਲਝਾਉਣ ਦੀ ਛੇਤੀ ਕੋਸ਼ਿਸ਼ ਕਰਦਾ ਹੈ।
ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦੱਸਦੇ ਹਨ ਕਿ ਕਈ ਮਾਮਲੇ ਕਾਫੀ ਗੁੰਝਲਦਾਰ ਹੁੰਦੇ ਹਨ।
ਜੇ ਐੱਨਆਰਆਈ ਪਤੀ ਭਾਰਤ ਦਾ ਨਾਗਰਿਕ ਨਾ ਰਿਹਾ ਹੋਵੇ ਅਤੇ ਉਸਦਾ ਪਾਸਪੋਰਟ ਕਿਸੇ ਹੋਰ ਦੇਸ਼ ਦਾ ਹੋਵੇ ਤਾਂ ਕੇਸ ਮੁਸ਼ਕਿਲ ਹੁੰਦਾ ਹੈ, ਕਿਉਂਕਿ ਇਸ ‘ਚ ਦੋ ਤੋਂ ਤਿੰਨ ਦੇਸ਼ ਸ਼ਾਮਿਲ ਹੋ ਜਾਂਦੇ ਹਨ।
ਇਸ ਤੋਂ ਇਲਾਵਾ ਅਜਿਹੀਆਂ ਵੀ ਕਈ ਸ਼ਿਕਾਇਤਾਂ ਆਉਂਦੀਆਂ ਹਨ, ਜਿੱਥੇ ਐੱਨਆਰਆਈ ਮੁੰਡੇ ਔਰਤਾਂ ਨੂੰ ਵਿਦੇਸ਼ ਲਿਜਾ ਕੇ ਉੱਥੇ ਸ਼ਰੀਰਕ ਅਤੇ ਮਾਨਸਿਕ ਤੌਰ ‘ਤੇ ਤੰਗ ਕਰਦੇ ਹਨ।
ਵਿਦੇਸ਼ ਮੰਤਰਾਲੇ ਅਨੁਸਾਰ ਇਨ੍ਹਾਂ ਮਾਮਲਿਆਂ ‘ਚ ਔਰਤਾਂ ਉਸ ਦੇਸ਼ ਵਿੱਚ ਭਾਰਤੀ ਦੂਤਾਵਾਸ ਨਾਲ ਸੰਪਰਕ ਕਰ ਸਕਦੀਆਂ ਹਨ।
ਇਸ ਤੋਂ ਬਾਅਦ ਉੱਥੇ ਦਾ ਭਾਰਤੀ ਦੂਤਾਵਾਸ, ਭਾਰਤ ਦੇ ਵਿਦੇਸ਼ ਮੰਤਰਾਲੇ ਨਾਲ ਸੰਪਰਕ ਕਰ ਕੇ ਮਹਿਲਾ ਦੀ ਮਦਦ ਕਰਦਾ ਹੈ।
ਐੱਨਆਰਆਈ ਪਤੀਆਂ ਦੀਆਂ ਅਜਿਹੀਆਂ ਔਰਤਾਂ ਦੀ ਵਿਦੇਸ਼ ਮੰਤਰਾਲਾ ਕੁਝ ਗੈਰ-ਸਰਕਾਰੀ ਸੰਸਥਾਵਾਂ ਰਾਹੀਂ ਆਰਥਿਕ ਤੇ ਕਾਨੂੰਨੀ ਮਦਦ ਵੀ ਕਰਦਾ ਹੈ।
ਕੀ ਹੈ ਹੱਲ?
ਰੇਖਾ ਸ਼ਰਮਾ ਦਾ ਕਹਿਣਾ ਹੈ ਕਿ ਇਸ ਲਈ ਵੱਖਰੇ ਤੌਰ ‘ਤੇ ਸੈੱਲ ਜਾਂ ਟੀਮ ਬਣਾਉਣ ਦੀ ਲੋੜ ਹੈ।
ਉਨ੍ਹਾਂ ਅਨੁਸਾਰ ਉਹ ਕੋਸ਼ਿਸ਼ ਕਰ ਰਹੇ ਹਨ ਕਿ ਕੌਮੀ ਮਹਿਲਾ ਕਮਿਸ਼ਨ, ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਵਿਦੇਸ਼ ਮੰਤਰਾਲਾ ਮਿਲ ਕੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰੇ, ਨਾ ਕਿ ਸ਼ਿਕਾਇਤਾਂ ਇੱਧਰ ਤੋਂ ਉੱਧਰ ਭੇਜਣ ਵਿੱਚ ਉਲਝੇ।
(ਪਛਾਣ ਛੁਪਾਉਣ ਲਈ ਨਾਂ ਬਦਲੇ ਗਏ ਹਨ)