ਟਰੂਡੋ ਨਾਲ ਮਿਲਣੀ ਸਮੇਂ ਕੈਪਟਨ ਨੇ ਖੇਡੀ ਸਿਆਸਤ ਦੀ ਖੇਡ !!
ਭਾਵੇਂ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸ੍ਰੀ ਅੰਮ੍ਰਿਤਸਰ ਸਾਹਿਬ ਰੂਹਾਨੀਅਤ ਦਾ ਆਨੰਦ ਲੈਣ ਲਈ ਪਹੁੰਚੇ ਸਨ। ਪਰ ਉਨਾਂ ਨਾਲ ਮਿਲਣੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਿਆਸਤ ਦੀ ਖੇਡ ਖੇਡੀ। ਉਨਾਂ ਜਾਣ ਬੁੱਝ ਕੇ ਖਾਲਿਸਤਾਨੀਆਂ ਨੂੰ ਨਿਸ਼ਾਨੇ ‘ਤੇ ਲੈਣ ਲ਼ਈ ਜਸਟਿਨ ਟਰੂਡੋ ਨੂੰ ਕਨੈਡਾ ‘ਚ ਰਹਿੰਦੇ ਖਾੜਕੂਆਂ ਦੀ ਸੂਚੀ ਸੌਂਪੀ।ਕੈਪਟਨ ਦਾ ਦਾਅਵਾ ਹੈ ਕਿ ਜਸਟਿਨ ਟਰੂਡੋ ਨੇ ਭਾਰਤ ਜਾਂ ਕਿਸੇ ਹੋਰ ਖਿੱਤੇ ਵਿੱਚ ਕਿਸੇ ਵੀ ਵੱਖਵਾਦੀ ਲਹਿਰ ਨੂੰ ਉਨਾਂ ਦੇ ਦੇਸ਼ ਵੱਲੋਂ ਸਮਰਥਨ ਨਾ ਕਰਨ ਦਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ। ਦੋਵਾਂ ਆਗੂਆਂ ਵਿਚਕਾਰ 40 ਮਿੰਟ ਦੀ ਲੰਮੀ ਮੀਟਿੰਗ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਸਰਗਰਮ ਏ-ਸ਼੍ਰੇਣੀ ਦੇ 9 ਵਿਅਕਤੀਆਂ ਦੀ ਸੂਚੀ ਟਰੂਡੋ ਨੂੰ ਸੌਂਪੀ ਜੋ ਕਿ ਕਥਿਤ ਤੌਰ ’ਤੇ ਪੰਜਾਬ ਵਿੱਚ ਨਫ਼ਰਤੀ ਅਪਰਾਧਾਂ ਵਿਚ ਸ਼ਾਮਲ ਮੰਨੇ ਜਾਂਦੇ ਹਨ ਅਤੇ ਇਹ ਵੱਖਵਾਦੀ ਕਾਰਵਾਈਆਂ ਲਈ ਵਿੱਤ ਅਤੇ ਹਥਿਆਰਾਂ ਦੀ ਸਪਲਾਈ ਨਾਲ ਇਨਾਂ ਤੱਤਾਂ ਦੀ ਮਦਦ ਕਰਨ ਦੇ ਦੋਸ਼ ਉਨਾਂ ‘ਤੇ ਲੱਗਦੇ ਆਏ ਹਨ, ਪੰਜਾਬ ਸਰਕਾਰ ਦਾ ਉਨਾਂ ‘ਤੇ ਇਹ ਵੀ ਦੋਸ਼ ਹੈ ਕਿ ਉਹ ਇੱਥੋਂ ਦੇ ਨੌਜਵਾਨਾਂ ਅਤੇ ਬੱਚਿਆਂ ਨੂੰ ਕੱਟੜਪੰਥੀ ਬਣਾਉਣ ਦੀਆਂ ਕੋਸ਼ਿਸ਼ਾਂ ਵਿਚ ਰੁੱਝੇ ਹੋਏ ਹਨ।ਇਸ ਮੀਟਿੰਗ ਵਿੱਚ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਪੰਜਾਬ ਦੇ ਸਥਾਨਕ ਸਰਕਾਰ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ ਜਿਨਾਂ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਨੇ ਪੰਜਾਬ ਵਿੱਚ ਮਿੱਥ ਕੇ ਹੱਤਿਆ ਕਰਨ ਵਿੱਚ ਇੰਡੋ-ਕੈਨੇਡੀਅਨ ਦੇ ਸ਼ਾਮਲ ਹੋਣ ਦਾ ਮੁੱਦਾ ਉਠਾਇਆ ਅਤੇ ਉਨਾਂ ਨੇ ਇਸ ਸਬੰਧ ਵਿਚ ਇਨਾਂ ਤੱਤਾਂ ਖਿਲਾਫ ਸਖ਼ਤ ਕਾਰਵਾਈ ਕਰਨ ਦੀ ਅਪੀਲ ਕੀਤੀ।ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਕਿ ਉਹ ਉਨਾਂ ਵੱਲੋਂ ਉਠਾਏ ਗਏ ਸਾਰੇ ਮੁੱਦਿਆਂ ਨੂੰ ਸੰਬੋਧਿਤ ਹੋਣਗੇ। ਉਨਾਂ ਕਿਹਾ ਕਿ ਉਹ ਭਾਰਤ ਖ਼ਾਸ ਕਰ ਪੰਜਾਬ ਨਾਲ ਨੇੜੇ ਦੇ ਸਬੰਧ ਬਣਾਈ ਰੱਖਣ ਦੀ ਤਵੱਕੋ ਕਰਦੇ ਹਨ ਅਤੇ ਇਸ ਸਬੰਧ ਵਿੱਚ ਹੋਈ ਪ੍ਰਗਤੀ ਨੂੰ ਦੇਖ ਕੇ ਉਹ ਬਹੁਤ ਖ਼ੁਸ਼ ਹਨ। ਮੀਟਿੰਗ ਦੌਰਾਨ, ਕੈਪਟਨ ਅਮਰਿੰਦਰ ਨੇ ਦਹਿਸ਼ਤਵਾਦ, ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੇ ਮੁੱਦੇ ਤੇ ਭਾਰਤ ਤੇ ਕੈਨੇਡਾ ਦਰਮਿਆਨ ਆਪਸੀ ਸਹਿਯੋਗ ਦੀ ਮੰਗ ਕੀਤੀ। ਉਨਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁਰੱਖਿਆ ਦੇ ਹਿੱਤ ਵਿੱਚ ਸਬੰਧਤ ਜਾਣਕਾਰੀ ਇਕ ਦੂਜੇ ਨਾਲ ਸਾਂਝੀ ਕਰਨ ’ਤੇ ਜ਼ੋਰ ਦਿੱਤਾ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੁੱਛੇ ਜਾਣ ’ਤੇ ਟਰੂਡੋ ਨੇ ਆਪਣੀ ਭਾਰਤ ਫੇਰੀ ਨੂੰ ਬਹੁਤ ਹੀ ‘ਆਨੰਦਦਾਇਕ’ ਦੱਸਿਆ।