ਮਾਂ ਵੱਲੋਂ ਆਪਣੇ ਹੀ 5 ਸਾਲ ਦੇ ਬੱਚੇ ਦਾ ਤੇਜਧਾਰ ਹਥਿਆਰ ਨਾਲ ਕਤਲ
ਬਠਿੰਡਾ: ਬਠਿੰਡਾ ਦੇ ਮਤੀਦਾਸ ਨਗਰ ਦਾ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਮਾਂ ਵੱਲੋਂ ਆਪਣੇ ਹੀ 5 ਸਾਲਾਂ ਪੁੱਤ ਨੂੰ ਕਿਰਚ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਮ੍ਰਿਤਕ ਦੀ ਪਛਾਣ ਹਰਕੀਰਤ ਸਿੰਘ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਹਰਕੀਰਤ ਸਿੰਘ ਲਾਰਡ ਰਾਮਾਂ ਸਕੂਲ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਮਾਂ ਨੇ ਆਪਣੇ ਪੁੱਤ ਨੂੰ ਨਹਾਉਣ ਸਮੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਪ੍ਰਾਪਤ ਜਾਣਕਾਰੀ ਮੁਤਾਬਕ ਮੁਲਜ਼ਮ ਮਾਂ ਨੇ ਆਪਣੇ ਪੁੱਤਰ ਦੇ ਮੂੰਹ ਵਿੱਚ ਕੱਪੜਾ ਪਾ ਕੇ ਉਸ ਉੱਪ ਕਿਰਚ ਨਾਲ ਕਈ ਵਾਰ ਕੀਤੇ। ਇਸ ਤੋਂ ਬਾਅਦ ਉਸ ਨੇ ਆਪਣੇ ਪਤੀ ਪਰਮਿੰਦਰ ਸਿੰਘ ਨੂੰ ਆਪੇ ਦੱਸ ਦਿੱਤਾ ਕਿ ਉਸ ਨੇ ਹੈਰੀ (ਮ੍ਰਿਤਕ ਹਰਕੀਰਤ) ਨੂੰ ਮਾਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਔਰਤ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ।
ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦ ਪਰਿਵਾਰ ਦੇ ਸਾਰੇ ਮੈਂਬਰ ਘਰ ਵਿੱਚ ਮੌਜੂਦ ਸਨ। ਮੁਲਜ਼ਮ ਮਾਂ ਦਾ ਪਤੀ ਵਾਰਦਾਤ ਸਮੇਂ ਕਾਰ ਸਾਫ਼ ਕਰ ਰਿਹਾ ਸੀ ਤੇ ਘਰ ਦੇ ਬਾਕੀ ਮੈਂਬਰ ਵੀ ਆਪੋ-ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸਨ।
ਵਾਰਦਾਤ ਦੀ ਸੂਚਨਾ ਮਿਲਦੇ ਹੀ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਾਤਲ ਮਾਂ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।