ਨਸ਼ੇ ਉਨ੍ਹਾਂ ਪਦਾਰਥਾਂ ਨੂੰ ਕਿਹਾ ਜਾਂਦਾ ਹੈ ਜਿਨ੍ਹਾਂ ਦੇ ਨੋਸ਼ ਕਰਨ (ਖਾਣ-ਪੀਣ) ਨਾਲ ਨਸ਼ਈ ਦੇ ਤਨ ਮਨ ਉਤੇ ਬੇ-ਖ਼ੁਦੀ, ਮਦਹੋਸ਼ੀ, ਮਸਤੀ, ਤੇ ਖ਼ੁਮਾਰੀ ਦਾ ਅਨੁਪ੍ਰਭਾਵ ਹੋਵੇ। ਨਸ਼ਿਆਂ ਦੇ ਸੇਵਨ ਨਾਲ ਮਨੁੱਖੀ ਮਨ ਦੀਆਂ ਵਿਕਾਰੀ ਰੁਚੀਆਂ ਨੂੰ ਬਲ ਮਿਲਦਾ ਹੈ, ਅਤੇ ਮਨ/ਅਤਮਾ ਦੀ ਮਲੀਨਤਾ ਵਿੱਚ ਵਾਧਾ ਹੁੰਦਾ ਹੈ। ਮਨ ਜਿਤਨਾ ਵਧੇਰੇ ਮਲੀਨ, ਪ੍ਰਾਣੀ ਉਤਨਾ ਹੀ ਜ਼ਿਅਦਾ ਮਨਮੁੱਖ, ਅਤੇ ਪਰਮਾਤਮਾ ਵੱਲੋਂ ਬੇਮੁੱਖ ਹੋਵੇਗਾ। ਇਸ ਸੱਚ ਕਾਰਣ ਹੀ ਗੁਰਬਾਣੀ ਵਿੱਚ ਨਸ਼ਿਆਂ ਨੂੰ, ਅਨਮੋਲ ਅਤੇ ਦੁਰਲੱਭ ਮਾਨਵ ਜੀਵਨ ਲਈ ਲਾਅਨਤ ਅਤੇ ਸ਼ਰਾਪ ਕਿਹਾ ਗਿਆ ਹੈ।
ਨਸ਼ੇ ਮਨੁੱਖਾ ਜੀਵਨ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਿਤ ਤੇ ਭਾਰੂ ਰਹੇ ਹਨ। ਸੰਸਾਰ ਦੇ ਬਹੁਤ ਸਾਰੇ ਧਰਮ-ਗ੍ਰੰਥਾਂ ਵਿੱਚ ਨਸ਼ੇ ਵਿਹਿਤ/ਜਾਇਜ਼ ਦੱਸੇ ਗਏ ਹਨ। ਕਈ ਗ੍ਰੰਥਾਂ ਵਿੱਚ ਸ਼ਰਾਬ ਆਦਿ ਨਸ਼ਿਆਂ ਦੇ ਬਣਾਉਣ ਦੀਆਂ ਵਿਧੀਆਂ ਤੇ ਕਿਸਮਾਂ ਦਾ ਉਲੇਖ ਵੀ ਮਿਲਦਾ ਹੈ। ਇਹ ਵੀ ਦੱਸਿਆ ਗਿਆ ਹੈ ਕਿ ਪ੍ਰਭੂ, ਦੇਵੀ ਦੇਵਤਿਆਂ ਅਤੇ ਪੁਜਾਰੀਆਂ ਨੂੰ ਖ਼ੁਸ਼ ਕਰਕੇ ਮੰਨਤਾਂ ਮਨਵਾਉਣ ਲਈ ਸ਼ਰਾਬ ਤੇ ਭੰਗ ਆਦਿ ਨਸ਼ੀਲੇ ਪਦਾਰਥਾਂ ਦੀ ਭੇਟਾ ਜ਼ਰੂਰੀ ਹੈ। ਗੁਰੂ ਗ੍ਰੰਥ ਇੱਕ ਅਜਿਹਾ ਗ੍ਰੰਥ ਹੈ ਜਿਸ ਵਿੱਚ ਬ੍ਰਹਮਗਿਆਨੀਆਂ ਨੇ ਮਨੁੱਖਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵ ਤੋਂ ਸੁਚੇਤ ਕਰਕੇ ਇਨ੍ਹਾਂ ਤੋਂ ਬਚਣ ਦਾ ਉਪਦੇਸ਼ ਦਿੱਤਾ ਹੈ।
ਸੰਸਾਰ ਵਿੱਚ ਨਸ਼ੀਲੇ ਪਦਾਰਥਾਂ ਦੀ ਸੂਚੀ ਬਹੁਤ ਲੰਬੀ ਹੈ, ਅਤੇ ਦਿਨ ਬ ਦਿਨ ਲੰਬੇਰੀ ਹੁੰਦੀ ਜਾ ਰਹੀ ਹੈ। ਸੁਰਾ, ਸੋਮਰਸ, ਧਤੂਰਾ, ਸ਼ਰਾਬ, ਭੰਗ, ਪੋਸਤ, ਅਫ਼ੀਮ, ਨਸਵਾਰ, ਚਰਸ, ਗਾਂਜਾ, ਤੇ ਤਬਾਕੂ ਆਦਿ ਤੋਂ ਬਿਨਾਂ, ਅੱਜਕਲ ਰਸਾਇਨਕ ਪਦਾਰਥਾਂ (chemicles) ਤੋਂ ਕਈ ਨਸ਼ੀਲੇ, ਜ਼ਹਿਰੀਲੇ ਅਤੇ ਘਾਤਿਕ ਨਸ਼ੇ ਤਿਆਰ ਕੀਤੇ ਜਾਂਦੇ ਹਨ। (ਖੋਜ ਅਨੁਸਾਰ, ਤਬਾਕੂ ਭਾਰਤ ਵਿੱਚ ਪਹਿਲੀ ਵਾਰ 17ਵੀਂ ਸਦੀ ਵਿੱਚ ਲਿਆਂਦਾ ਗਿਆ। ਗੁ: ਗ੍ਰੰਥ ਦੀ ਸੰਪਾਦਨਾ 1604 ਈ: ਵਿੱਚ ਹੋ ਚੁੱਕੀ ਸੀ। ਇਸ ਲਈ ਗੁ: ਗ੍ਰੰਥ ਵਿੱਚ ਤਬਾਕੂ ਦਾ ਜ਼ਿਕਰ ਨਹੀਂ ਹੈ। ਤੰਬਾਕੂ-ਸੇਵਨ ਦੀ ਮਨਾਹੀ ਰਹਿਤਨਾਮਿਆਂ ਆਦਿ ਪੁਸਤਕਾਂ ਵਿੱਚ ਹੈ)। ਗੁਰਮੱਤ ਅਨੁਸਾਰ ਖਾਣ-ਪੀਣ ਦਾ ਕੋਈ ਵੀ ਨਸ਼ਾ ਬੁਰਾ ਹੈ।
ਨਸ਼ਿਆਂ ਦਾ ਖਾਧਾ ਪੀਤਾ ਵਿਕਾਰਾਂ ਦੀ ਖ਼ੁਰਾਕ ਹੈ। ਵਿਕਾਰ ਤਨ, ਮਨ, ਅਤੇ ਆਤਮਾ ਦੇ ਵਿਨਾਸ਼ ਦਾ ਕਾਰਣ ਹਨ। ਨਸ਼ਿਆਂ ਦੀ ਜ਼ਹਿਰ ਜ਼ੁਬਾਨ ਨੂੰ ਬੇਲਗਾਮ, ਤਨ ਨੂੰ ਖੀਣ, ਬੁੱਿਧ ਨੂੰ ਭ੍ਰਿਸ਼ਟ, ਮਨ ਨੂੰ ਮਲੀਨ, ਅਤੇ ਆਤਮਾ ਨੂੰ ਅਧਰੰਗ ਕਰਦੀ ਹੈ। ਇਸ ਲਈ ਮਾਦਕ ਰਸਾਂ ਕਸਾਂ ਤੋਂ ਤੋਬਾ, ਸਿੱਖ/ਸੇਵਕ ਦਾ ਪਰਮ ਧਰਮ ਹੈ। ਇਸ ਸੱਚ ਨੂੰ ਮੁੱਖ ਰੱਖਦਿਆਂ ਗੁਰੂ ਨਾਨਕ ਦੇਵ ਜੀ ਵਿਨਾਸ਼ਕ ਰਸਾਂ ਕਸਾਂ ਤੋਂ ਦੂਰ ਰਹਿਣ ਦੀ ਇੱਛਾ ਪ੍ਰਗਟ ਕਰਦੇ ਹਨ:
“ਬਾਬਾ, ਹੋਰੁ ਖਾਣਾ ਖੁਸੀ ਖੁਆਰੁ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲੈ ਵਿਕਾਰ॥” ਮ: ੧
ਭਾਵ: ਜਿਨ੍ਹਾਂ ਪਦਾਰਥਾਂ ਦੇ ਖਾਣ-ਪੀਣ ਨਾਲ ਮਨ/ਆਤਮਾ ਦੀ ਸੱਚੀ ਖ਼ੁਸ਼ੀ ਨਸ਼ਟ ਹੋਵੇ, ਜਿਨ੍ਹਾਂ ਦੇ ਸੇਵਨ ਨਾਲ ਸਰੀਰ ਰੋਗੀ ਅਤੇ ਪੀੜਿਤ ਹੋਵੇ, ਅਤੇ ਮਨ ਵਿੱਚ ਵਿਕਾਰ ਪ੍ਰਫ਼ੁੱਲਤ ਹੋਣ, ਅਜਿਹੇ ਭੋਜਨਾਂ ਤੋਂ ਪਰਹੇਜ਼ ਚੰਗਾ ਹੈ।
ਜਿਹੜਾ ਵਿਅਕਤੀ ਖਾਣ ਪੀਣ ਦੇ ਨਸ਼ਿਆਂ ਤੋਂ ਤੋਬਾ ਨਹੀਂ ਕਰਦਾ ਪਰ, ਦੰਭ ਕਰਕੇ ਧਰਮ-ਸਥਾਨਾਂ ਤੇ ਜਾਂਦਾ ਹੈ ਉਹ ਢੌਂਗੀ ਹੈ। ਅਜਿਹੇ ਖੇਖੱਣਹਾਰਿਆਂ ਨੂੰ ਕਬੀਰ ਜੀ ਦਾ ਸੰਦੇਸ਼ ਹੈ:
“ਕਬੀਰ ਭਾਂਗ ਮਾਛੁਲੀ ਸੁਰਾਪਾਨਿ ਜੋ ਜੋ ਪ੍ਰਾਨੀ ਖਾਂਹਿ॥ ਤੀਰਥ ਬਰਤ ਨੇਮ ਕੀਏ, ਤੇ ਸਭੈ ਰਸਾਤਲਿ ਜਾਹਿ॥” ਸਲੋਕ ਕਬੀਰ ਜੀ
ਚੰਗੇ ਭਲੇ ਸਰਦਾਰ ਪਰ ਕਰਤੂਤਾਂ ਦੇਖੋ ਕੀ ਨੇ .. ਸ਼ੇਅਰ ਕਰੋ ਤਾਂ ਕਿ ਪਤਾ ਲੱਗੇ ਕੌਣ ਨੇ ਇਹ ..
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ