ਇੱਕ ਕੌੜੀ ਸੱਚਾਈ ਕੈਨੇਡਾ ਦੀ :-
ਮੇਰੇ ਨਾਲ ਤਕਰੀਬਨ 3 ਮਹੀਨੇ ਬੇਸਮੇੰਟ ਵਿਚ ਰਹਿਣ ਵਾਲੇ ਸਟੱਡੀ ਬੇਸ ਤੇ ਆਏ ਮੁੰਡੇ ਨੇ ਇੱਕ ਗੱਲ ਦੱਸੀ, ਸੁਣ ਕੇ ਮਨ ਬਹੁਤ ਖਰਾਬ ਹੋਇਆ। ਉਸਨੇ ਦੱਸਿਆ ਕਿ ਸਾਡੇ ਨਾਲ ਇੱਕ ਪੰਜਾਬੀ ਕੁੜੀ ਪੜ੍ਹਦੀ ਹੈ ਜਿੰਨਾ ਦੀ 3 ਕਿੱਲੇ ਜਮੀਨ ਸੀ।
ਇੱਕ ਕਿੱਲਾ ਵੇਚ ਕੇ ਘਰਦਿਆਂ ਨੇ ਉਸਨੂੰ ਬਾਹਰ ਪੜ੍ਹਨ ਲਈ ਭੇਜ ਦਿੱਤਾ ਤੇ ਸੋਚਿਆ ਕਿ ਕੁੜੀ ਪੜ੍ਹਨ ਦੇ ਨਾਲ ਨਾਲ ਸਾਨੂੰ ਪੈਸੇ ਵੀ ਭੇਜੀ ਜਾਇਆ ਕਰੂਗੀ। ਪਰ ਹਕੀਕਤ ਏਥੇ ਆ ਕੇ ਹੀ ਪਤਾ ਲਗਦੀ ਹੈ ਕਿ ਸਟੂਡੈਂਟਸ ਦਾ ਏਥੇ ਕੀ ਹਾਲ ਹੈ।
ਉਸਦੇ ਦੱਸਣ ਮੁਤਾਬਕ ਕੁੜੀ ਨੇ ਪੈਸੇ ਤਾਂ ਕਾਹਦੇ ਭੇਜਣੇ ਸੀ ਉਹ ਆਪਣਾ ਖਰਚਾ ਵੀ ਮਸਾਂ ਪੂਰਾ ਕਰਦੀ ਸੀ। ਉਸਦੀ ਅਗਲੀ ਪੜ੍ਹਾਈ ਦੀ ਫੀਸ ਦੇਣ ਦਾ ਸਮਾਂ ਆਇਆ ਤੇ ਉਸਨੇ ਘਰ ਵਾਲਿਆਂ ਨੂੰ ਫੀਸ ਦੇਣ ਬਾਰੇ ਕਿਹਾ ਤਾਂ ਘਰਦਿਆਂ ਨੇ ਕਿਹਾ ਕਿ ਤੂੰ ਤਾਂ ਸਾਨੂੰ ਪੈਸੇ ਭੇਜਣੇ ਸੀ ਉਲਟਾ ਸਾਨੂੰ ਫੀਸ ਦੇਣ ਬਾਰੇ ਕਹਿ ਰਹੀ ਹੈਂ।
ਘਰਦਿਆਂ ਨੇ ਫੀਸ ਭੇਜਣ ਤੋਂ ਨਾਂਹ ਕਰ ਦਿੱਤੀ। ਹੁਣ ਓਹ ਕੁੜੀ ਕਿਧਰ ਜਾਵੇ, ਕੰਮ ਕਰ ਕੇ ਆਪਣਾ ਰਹਿਣ ਦਾ ਖਰਚਾ ਪੂਰਾ ਹੋ ਜਾਵੇ ਏਨਾ ਹੀ ਬਹੁਤ ਹੁੰਦਾ। ਫੀਸ ਕੱਢਣੀ ਤਾਂ ਅਸੰਭਵ ਹੈ। ਇਹ ਇੱਕ ਕੌੜੀ ਸਚਾਈ ਹੈ ਕਿ ਹੁਣ ਫੀਸ ਭਰਨ ਲਈ ਕਿਸੇ ਵੀ ਤਰਾਂ ਦਾ ਕੰਮ ਮਜਬੂਰਨ ਉਸ ਕੁੜੀ ਨੂੰ ਕਰਨਾ ਪੈ ਸਕਦਾ ਹੈ, ਜੋ ਹੋ ਵੀ ਰਿਹਾ ਹੈ ਜਿਸ ਤੋਂ ਅਸੀਂ ਅਣਜਾਣ ਬਣੀ ਬੈਠੇ ਹਾਂ।
ਸੋ ਮੇਰੀ ਉਹਨਾਂ ਮਾਪਿਆਂ ਨੂੰ ਬੇਨਤੀ ਹੈ ਕਿ ਆਪਣੀਆਂ ਕੁੜੀਆਂ ਨੂੰ ਸਟੱਡੀ ਬੇਸ ਤੇ ਬਾਹਰ ਭੇਜਣ ਲੱਗੇ ਸੌ ਵਾਰੀ ਸੋਚੋ। ਜੇ ਤੁਹਾਡੀਆਂ ਲੱਤਾਂ ਭਾਰ ਝੱਲਦੀਆਂ ਹਨ ਤਾਂ ਹੀ ਇਹ ਕਦਮ ਚੁੱਕੋ। ਜੇ ਤੁਸੀਂ ਇਹ ਸੋਚਦੇ ਹੋ ਕਿ ਆਪਣੀ ਫੀਸ ਤੇ ਖਰਚਾ ਕੈਨੇਡਾ ਵਿਚ ਤੁਹਾਡੀ ਕੁੜੀ ਆਪੇ ਕੱਢੀ ਜਾਵੇਗੀ ਤਾਂ ਇਹ ਬਹੁਤ ਵੱਡਾ ਵਹਿਮ ਹੈ।
ਜੇ ਤੁਸੀਂ ਆਪਣੀ ਕੁੜੀ ਦੀ ਪੂਰੀ ਪੜ੍ਹਾਈ ਦੀ ਫੀਸ ਭਰਨ ਦੇ ਨਾਲ ਨਾਲ ਖਰਚਾ ਭੇਜਣ ਦੇ ਕਾਬਿਲ ਹੋ ਤਾਂ ਹੀ ਇਹ ਕਦਮ ਚੁੱਕੋ।
ਨਹੀਂ ਤਾਂ ਤੁਸੀਂ ਜਿਸ ਡੂੰਗੀ ਦਲਦਲ ਚ ਆਪਣੀ ਕੁੜੀ ਨੂੰ ਸੁੱਟਣ ਜਾ ਰਹੇ ਹੋ ਇਸ ਦਾ ਅੰਦਾਜਾ ਪੰਜਾਬ ਬੈਠੇ ਲਾਉਣਾ ਬਹੁਤ ਮੁਸ਼ਕਿਲ ਹੈ।
“ਕੁਲਵੰਤ ਸਿੰਘ ਮੋਗਾ”