ਮੋਦੀ ਨੇ ਪਾਇਆ ਕਿਸਾਨਾਂ ਨੂੰ ਨਵਾਂ ਸਿਆਪਾ ..

ਮਾਨਸਾ: ਇੱਥੋਂ ਥੋੜ੍ਹੀ ਦੂਰ ਪਿੰਡ ਖ਼ਿਆਲਾ ਕਲਾ ਦੇ ਕਿਸਾਨ ਤਰਲੋਕ ਸਿੰਘ ਦੇ ਟਰੈਕਟਰ ਟਰਾਲੀ ਦਾ ਆਰਟੀਓ(RTO) ਬਠਿੰਡਾ ਨੇ ਵੀਹ ਹਜ਼ਾਰ ਰੁਪਏ ਦਾ ਚਲਾਨ ਕੱਟ ਕੇ ਟਰੈਕਟਰ ਨੂੰ ਡੀਟੀਓ ਦਫ਼ਤਰ ਵਿੱਚ ਬੰਦ ਕਰ ਦਿੱਤਾ। ਉਕਤ ਕਿਸਾਨ ਨੇ ਦੱਸਿਆ ਕਿ ਮੇਰਾ ਟਰੈਕਟਰ ਪੰਜ ਮਹੀਨਿਆਂ ਤੋਂ ਘਰ ਵਿਚ ਹੀ ਖੜ੍ਹਾ ਸੀ ਕਿਉਂਕਿ ਮੇਰਾ ਲੜਕਾ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖਲ ਹੈ ਜਿਸ ਉੱਪਰ ਲੱਖਾਂ ਰੁਪਏ ਖ਼ਰਚ ਹੋ ਰਹੇ ਹਨ।

ਉਨ੍ਹਾਂ ਦੱਸਿਆ ਕਿ ਮੇਰਾ ਟਰੈਕਟਰ ਟਰਾਲੀ ਪਿੰਡ ਦੇ ਕਲੱਬ ਮੈਂਬਰ ਸਾਂਝੇ ਕੰਮ ਲਈ ਲੈ ਗਏ ਸਨ ,ਕੁਲਦੀਪ ਸਿੰਘ ਤੇਲ ਪਵਾਉਣ ਲਈ ਕੈਂਚੀਆਂ ਚੋਕ ਗਿਆ ਤਾਂ ਆਰਟੀਓ ਬਠਿੰਡਾ ਨੇ ਵੀਹ ਹਜ਼ਾਰ ਰੁਪਏ ਦਾ ਚਲਾਨ ਕੱਟ ਦਿੱਤਾ।

ਇਸ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਨੇ ਡੀਟੀਓ ਦਫ਼ਤਰ ਵਿੱਚ ਮੋਦੀ ਸਰਕਾਰ ਤੇ ਆਰ ਟੀ ਓ ਖ਼ਿਲਾਫ਼ ਜੰਮ ਨਾਅਰੇਬਾਜ਼ੀ ਕੀਤੀ।ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਮਹਿੰਦਰ ਸਿੰਘ ਭੈਣੀ ਬਾਘਾ ਤੇ ਬਲਵਿੰਦਰ ਸ਼ਰਮਾ ਖ਼ਿਆਲਾਂ ਨੇ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਨੇ ਕਿਸਾਨਾਂ ਦੇ ਟਰੈਕਟਰਾਂ ਉੱਪਰ ਟੈਕਸ ਭਰਨ ਲਈ ਐਲਾਨ ਕੀਤਾ ਹੈ, ਉਦੋਂ ਤੋਂ ਜੋ ਕਿਸਾਨ ਆਪਣਾ ਟਰੈਕਟਰ ਟਰਾਲੀ ਸੜਕ ਤੇ ਲੈ ਕੇ ਜਾਂਦਾ ਹੈ ਤਾਂ ਉਨ੍ਹਾਂ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਬਠਿੰਡਾ ਦੇ ਆਰਟੀਓ ਅਫ਼ਸਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਉਲਟਾ ਕਿਸਾਨ ਉੱਤੇ ਪਰਚਾ ਦਰਜ ਕਰਨ ਦੀ ਧਮਕੀ ਦਿੱਤੀ। ਕਿਸਾਨ ਆਗੂ ਨੇ ਕਿਹਾ ਕਿ ਵੱਡੇ-ਵੱਡੇ ਵਹੀਕਲਾਂ ਨੂੰ ਥੋੜੇ ਥੋੜੇ ਪੈਸੇ ਲੈ ਕੇ ਬਿਨਾਂ ਪਰਚੀ ਤੋਂ ਛੱਡਿਆ ਜਾ ਰਿਹਾ ਹੈ। ਕਿਸਾਨ ਦੇ ਸੰਦ ਹੀ ਕਿਉਂ ਸਰਕਾਰ ਨੂੰ ਚੁੱਭਦੇ ਹਨ।

 ਆਗੂਆਂ ਨੇ ਕਿਹਾ ਕਿ ਸਰਕਾਰ ਦੀਆ ਕਿਸਾਨ ਮਾਰੂ ਨੀਤੀਆਂ ਕਰ ਕੇ ਦੇਸ ਦੇ ਕਿਸਾਨ ਮਜ਼ਦੂਰ ਖੁਦਕੁਸ਼ੀਆਂ ਕਰ ਰਹੇ ਹਨ। ਸਰਕਾਰਾਂ ਵੱਡੇ ਘਰਾਨਿਆਂ ਨਾਲ ਮਿਲ ਕੇ ਕਿਸਾਨਾਂ ਦੀਆ ਜ਼ਮੀਨਾਂ ਤੋਂ ਬਹਾਰ ਕਰਨ ਲਈ ਵੱਖ ਵੱਖ ਹੱਥ ਕੰਡੇ ਅਜ਼ਮਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ ਟਰੈਕਟਰਾਂ ‘ਤੇ ਟੈਕਸ, ਖਾਦ ਸਪਰੇਅ, ਬੀਜਾਂ ਤੇ ਸਬਸਿਡੀ ਨੂੰ ਆਧਾਰ ਕਾਰਡ ਨਾਲ ਜੋੜਨਾ ਕੇ ਬਹਾਨੇ ਕਿਸਾਨਾਂ ਨੂੰ ਖੇਤਾਂ ‘ਚੋਂ ਬਾਹਰ ਕੀਤਾ ਜਾ ਰਿਹਾ ਹੈ।


ਕਿਸਾਨਾਂ ਵੱਲੋਂ ਤਿੰਨ ਘੰਟੇ ਦਫ਼ਤਰ ਦਾ ਘਿਰਾਓ ਕਰ ਕੇ ਵਿਰੋਧ ਕਰਨ ਤੋਂ ਬਾਅਦ ਅਧਿਕਾਰੀਆਂ ਨੇ ਬਿਨਾਂ ਕਿਸੇ ਚਾਰਜ ਦੇ ਕਿਸਾਨ ਨੂੰ ਟਰੈਕਟਰ ਟਰਾਲੀ ਸੌਂਪ ਦਿੱਤੀ ਗਈ!


Posted

in

by

Tags: