ਸ੍ਰੀ ਹਰਿਮੰਦਰ ਸਾਹਿਬ ਜਿਸ ਨੂੰ ਇਸ ਦੀ ਸਜੀਵ ਸੁੰਦਰਤਾ ਅਤੇ ਇਸ ਉੱਪਰ ਸੋਨੇ ਦੀ ਝਾਲ ਦੇ ਕਾਰਨ ਅੰਗਰੇਜ਼ੀ ਬੋਲਣ ਵਾਲਿਆਂ ਵਿਚ ਇਹ ਗੋਲਡਨ ਟੈਂਪਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਦੁਨੀਆਂ ਵਿਚ ਆਪਣੀ ਵਿਲੱਖਣ ਥਾਂ ਰੱਖਦਾ ਹੈ। ਇਹ ਨਾਂ ‘ਹਰਿਮੰਦਰ ਸਾਹਿਬ’ ਹਰੀ/ਪਰਮਾਤਮਾ ਦੇ ਨਾਂ ‘ਤੇ ਹੈ।ਸਾਰੀ ਦੁਨੀਆਂ ਵਿਚ ਸਿੱਖ ਰੋਜ਼ ਹੀ ਆਪਣੀ ਅਰਦਾਸ ਵਿਚ ਸ੍ਰੀ ਅੰਮ੍ਰਿਤਸਰ ਆਉਣ ਅਤੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕ ਕੇ ਸ਼ਰਧਾ-ਸਤਿਕਾਰ ਅਦਾ ਕਰਨ ਦੀ ਲੋਚਾ ਕਰਦਾ ਹੈ।
ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਨੂੰ ਸਿੱਖਾਂ ਵਾਸਤੇ ਇਕ ਕੇਂਦਰੀ ਪੂਜਾ ਅਸਥਾਨ ਰਚਣ ਦਾ ਖਿਆਲ ਆਇਆ ਤੇ ਉਨ੍ਹਾਂ ਸ੍ਰੀ ਹਰਿਮੰਦਰ ਸਾਹਿਬ ਦੀ ਨਿਰਮਾਣਕਾਰੀ ਦਾ ਖਾਕਾ ਖੁਦ ਬਣਾਇਆ। ਪੂਰਬਲੇ ਸਮੇਂ ਤੀਸਰੇ ਗੁਰੂ, ਗੁਰੂ ਅਮਰਦਾਸ ਜੀ ਨੇ ਪਵਿੱਤਰ ਸਰੋਵਰ ‘ਅੰਮ੍ਰਿਤਸਰ’ ਜਾਂ ‘ਅੰਮ੍ਰਿਤ ਸਰੋਵਰ, ਨੂੰ ਖੁਦਵਾਉਣ ਦੀ ਯੋਜਨਾ ਬਣਾਈ ਸੀ, ਅਤੇ ਇਸਨੂੰ ਗੁਰੂ ਰਾਮਦਾਸ ਸਾਹਿਬ ਦੁਆਰਾ ਬਾਬਾ ਬੁੱਢਾ ਜੀ ਦੀ ਨਿਗਰਾਨੀ ਵਿਚ ਖੁਦਵਾਇਆ ਗਿਆ ਸੀ। ਸਥਾਨ ਵਾਸਤੇ ਜ਼ਮੀਨ ਪੂਰਬਲੇ ਗੁਰੂ ਸਾਹਿਬਾਨ ਦੁਆਰਾ ਸਥਾਨਕ ਪਿੰਡਾਂ ਦੇ ਜਿੰਮੀਦਾਰਾਂ ਤੋਂ ਨਕਦ ਅਦਾਇਗੀ ਨਾਲ ਪ੍ਰਾਪਤ ਕਰ ਲਈ ਗਈ ਸੀ। ਇਕ ਨਗਰ ਵਸਾਉਣ ਦੀ ਯੋਜਨਾ ਵੀ ਬਣਾਈ ਗਈ। ਇਸ ਲਈ 1570 ਈ: ਵਿਚ ਸਰੋਵਰ ਅਤੇ ਨਗਰ ‘ਤੇ ਕਾਰਜ ਨਾਲ-ਨਾਲ ਸ਼ੁਰੂ ਹੋਇਆ। ਦੋਨਾਂ ‘ਤੇ ਕਾਰਜ 1577 ਈ: ‘ਚ ਪੂਰਾ ਹੋਇਆ।
ਗੁਰੂ ਅਰਜਨ ਸਾਹਿਬ ਨੇ ਇਸ ਦੀ ਨੀਂਹ 1 ਮਾਘ 1645 ਬਿਕਰਮੀ ਸੰਮਤ (ਦਸੰਬਰ 1588) ‘ਚ ਮੁਸਲਮਾਨ ਫਕੀਰ ਹਜ਼ਰਤ ਮੀਆਂ ਮੀਰ ਜੀ ਤੋਂ ਰਖਵਾਈ ਜੋ ਕਿ ਲਾਹੌਰ ਦੇ ਰਹਿਣ ਵਾਲੇ ਸਨ। ਰਚਨਾ-ਕਾਰਜ ਗੁਰੂ ਅਰਜਨ ਸਾਹਿਬ ਦੀ ਪ੍ਰਤੱਖ ਰੂਪ ‘ਚ ਕੀਤੀ ਨਿਗਰਾਨੀ ‘ਚ ਹੋਇਆ ਅਤੇ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਸਾਲ੍ਹੋ ਜੀ (ਸਾਰੀਆਂ ਪ੍ਰਸਿੱਧ ਸਿੱਖ ਸ਼ਖਸ਼ੀਅਤਾਂ) ਤੇ ਇਸ ਪਵਿੱਤਰ ਕਾਰਜ ਵਿਚ ਕਈ ਹੋਰ ਸਮਰਪਿਤ ਸਿੱਖਾਂ ਦੁਆਰਾ ਵੀ ਮਦਦ ਕੀਤੀ ਗਈ।
ਹਿੰਦੂ ਮੰਦਰ ਉਸਾਰੀ ਕਲਾ ਅਨੁਸਾਰ ਉਸਾਰੀ ਨੂੰ ਜ਼ਮੀਨ ਤੋਂ ਉੱਚਾ ਉਸਾਰਣ ਦੀ ਰੀਤ ਤੋਂ ਵੱਖਰਾ ਰਸਤਾ ਅਪਨਾਉਂਦਿਆਂ ਗੁਰੂ ਅਰਜਨ ਸਾਹਿਬ ਨੇ ਇਸ ਨੂੰ ਹੇਠਲੀ ਸਤਹ ‘ਤੇ ਰੱਖਕੇ ਬਣਾਇਆ। ਹਿੰਦੂ ਮੰਦਰਾਂ ਅੰਦਰ ਆਉਣ-ਜਾਣ ਵਾਸਤੇ ਜਿਥੇ ਇਕੋ ਦਰਵਾਜ਼ਾ ਹੁੰਦਾ ਹੈ……… , ਉਥੇ ਗੁਰੂ ਸਾਹਿਬਾਨ ਨੇ ਇਸਨੂੰ ਚਾਰੇ ਪਾਸਿਓ ਖੁੱਲ੍ਹਾ ਰੱਖਿਆ। ਇਉਂ ਆਪ ਜੀ ਨੇ ਸਿੱਖ ਧਰਮ ਦਾ ਇਕ ਨਵਾਂ ਚਿੰਨ੍ਹ ਰਚ ਦਿੱਤਾ। ਗੁਰੂ ਸਾਹਿਬ ਨੇ ਇਸ ਵਿਚ ਜਾਤ, ਨਸਲ, ਲਿੰਗ ਅਤੇ ਮਜ੍ਹਬ ਦੇ ਵਿਤਕਰੇ ਤੋਂ ਬਿਨਾਂ ਹਰੇਕ ਮਨੁੱਖ ਦੇ ਦਾਖਲ ਹੋਣ ਵਾਸਤੇ ਵਿਵਸਥਾ ਕੀਤੀ।
ਇਸ ਦੀ ਉਸਾਰੀ ਕਲਾ ਮੁਸਲਮਾਨੀ ਅਤੇ ਹਿੰਦੂ ਭਵਨ ਕਲਾਵਾਂ ਦਾ ਇਕ ਅਦੁੱਤੀ ਸੁਮੇਲ ਪੇਸ਼ ਕਰਦੀ ਹੈ। ਇਹ ਦੁਨੀਆਂ ਭਰ ਦੀਆਂ ਭਵਨ ਕਲਾਵਾਂ ਦੇ ਸਭ ਤੋਂ ਚੰਗੇ ਨਮੂਨੇ ਵਜੋਂ ਮੰਨਿਆ ਜਾਂਦਾ ਹੈ ……. । ਅਕਸਰ ਆਖਿਆ ਜਾਂਦਾ ਹੈ ਕਿ ਇਸ ਉਸਾਰੀ ਨੇ ਭਾਰਤ ਦੇ ਅੰਦਰ ਭਵਨ ਕਲਾ ਦੇ ਇਤਿਹਾਸ ‘ਚ ਉਸਾਰੀ ਕਲਾ ਦਾ ਇਕ ਆਜ਼ਾਦ ਸਕੂਲ ਰਚ ਦਿੱਤਾ ਹੈ।ਇਹ ਸਿੱਖ ਕੌਮ ਦਾ ਕੇਂਦਰੀ ਧਰਮ ਅਸਥਾਨ ਹੈ|
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ