ਲਖਨਾਊ: ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਇੱਕ ਅਜਿਹਾ ਐਪਲੀਕੇਸ਼ਨ ਇਜਾਦ ਕੀਤਾ ਹੈ ਜੋ ਤੁਹਾਨੂੰ ਇਤਰਾਜ਼ਯੋਗ ਸਮੱਗਰੀ ਵੇਖਣ ਤੋਂ ਰੋਕ ਸਕਦਾ ਹੈ। ਇਸ ਐਪ ਦਾ ਨਾਂ ਹੈ ‘ਹਰ-ਹਰ ਮਹਾਦੇਵ’। ਬੀ.ਐਚ.ਯੂ. ਦੇ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦੇ ਨਿਊਰੋਲਾਜਿਸਟ ਨੇ ਇਸ ਐਪ ਨੂੰ ਤਿਆਰ ਕੀਤਾ ਹੈ। ਇਹ ਪੌਰਨ ਜਾਂ ਅਸ਼ਲੀਲ ਸਮੱਗਰੀ ਨੂੰ ਤੁਹਾਡੇ ਮੋਬਾਈਲ ਜਾਂ ਕੰਪਿਊਟਰ ‘ਤੇ ਚੱਲਣ ਤੋਂ ਹੀ ਰੋਕ ਦੇਵੇਗਾ। ਇਸ ਐਪ ਦੀ ਖ਼ਾਸ ਗੱਲ ਇਹ ਹੈ ਕਿ ਜਿਵੇਂ ਹੀ ਕੋਈ ਪੌਰਨ ਜਾਂ ਅਸ਼ਲੀਲ ਵੈੱਬਸਾਈਟ ਮੋਬਾਈਲ ‘ਤੇ ਖੋਲ੍ਹਣ ਦੀ ਕੋਸ਼ਿਸ਼ ਕਰੇਗਾ ਤਾਂ ਉਦੋਂ ਹੀ ਭਜਨ ਵੱਜਣਾ ਸ਼ੁਰੂ ਹੋ ਜਾਵੇਗਾ।
ਕੀ ਹੈ ਐਪ ਦੀ ਪੂਰੀ ਕਹਾਣੀ-
ਦਰਅਸਲ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਨਿਊਰੋਲਾਜਿਸਟ ਪ੍ਰੋਫੈਸਰ ਵਿਜਯਨਾਥ ਮਿਸ਼ਰਾ ਨੇ ਇਸ ਐਪ ਨੂੰ ਆਪਣੇ ਬੱਚਿਆਂ ਤੇ ਵਿਦਿਆਰਥੀਆਂ ਲਈ ਬਣਾਇਆ ਸੀ ਪਰ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਦੀ ਵਰਤੋਂ ਪੂਰੀ ਦੁਨੀਆ ਵਿੱਚ ਕੀਤੀ ਜਾਣੀ ਚਾਹੀਦੀ ਹੈ।
ਕੀ ਕਹਿੰਦੇ ਖੋਜੀ ਪ੍ਰੋਫੈਸਰ-
ਇਸ ਐਪਲੀਕੇਸ਼ਨ ਰਾਹੀਂ ਬੱਚਿਆਂ ਨੂੰ ਪੌਰਨ ਸਾਈਟ ਵੇਖਣ ਤੋਂ ਰੋਕਿਆ ਜਾ ਸਕਦਾ ਹੈ। ਇਸ ਰਾਹੀਂ ਮੋਬਾਈਲ ਜਾਂ ਕੰਪਿਊਟਰ ਦੀ ਸਕਰੀਨ ‘ਤੇ ਅਚਾਨਕ ਆਉਣ ਵਾਲੀ ਅਸ਼ਲੀਲ ਸਮੱਗਰੀ ਨੂੰ ਰੋਕਿਆ ਜਾ ਸਕਦਾ ਹੈ ਪਰ ਜੇਕਰ ਕੋਈ ਅਸ਼ਲੀਲ ਵੀਡੀਓ ਜਾਂ ਤਸਵੀਰ ਸਕਰੀਨ ‘ਤੇ ਵਿਖਾਈ ਦਿੰਦਾ ਹੈ ਤਾਂ ਭਜਨ ਵੱਜਣ ਲੱਗੇਗਾ। ਇਸ ਤੋਂ ਇਲਾਵਾ ਇਹ ਐਪ ਉਸ ਵੈੱਬਸਾਈਟ ਨੂੰ ਬਲੌਕ ਵੀ ਕਰ ਦੇਵੇਗੀ। ਇਸ ਐਪ ਨੂੰ ਮੋਬਾਈਲ ਤੇ ਕੰਪਿਊਟਰ ਦੋਵਾਂ ‘ਤੇ ਕੰਮ ਕਰਨ ਲਈ ਬਣਾਇਆ ਹੈ।
ਸਰਬ-ਧਰਮ ਐਪ-
ਵਿਜੈਨਾਥ ਮਿਸ਼ਰਾ ਮੁਤਾਬਕ ਉਹ ਵੀ ਛੇਤੀ ਹੀ ਇਸ ਐਪ ਵਿੱਚ ਅਜਿਹੀ ਸੁਵਿਧਾ ਦੇਣ ਜਾ ਰਹੇ ਹਨ ਕਿ ਹਰ ਧਰਮ ਦਾ ਇਨਸਾਨ ਇਸ ਦੀ ਵਰਤੋਂ ਕਰ ਸਕੇ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਇਹ ਐਪਲੀਕੇਸ਼ਨ ਜੇਕਰ ਕੋਈ ਮੁਸਲਿਮ ਵਰਤੋਂ ਕਰਦਾ ਹੈ ਤਾਂ ਉਸ ਨੂੰ ਅੱਲ੍ਹਾ-ਹੂ-ਅਕਬਰ ਵੱਜੇਗਾ, ਅਜਿਹਾ ਹੀ ਹੋਰਨਾਂ ਧਰਮਾਂ ਲਈ ਵੀ ਹੋ ਸਕੇਗਾ।
ਪ੍ਰੋਫੈਸਰ ਵਿਜੈਨਾਥ ਦੀ ਸ਼ਲਾਘਾ ਕਰਦਿਆਂ ਯੂਨੀਵਰਸਿਟੀ ‘ਚ ਬਤੌਰ ਸੁਪਰਡੈਂਟ ਤਾਇਨਾਤ ਓ.ਪੀ. ਉਪਾਧਿਆਏ ਨੇ ਕਿਹਾ ਕਿ ਅਸੀਂ ਮਰਿਆਦਾ ਦੇ ਪੁਜਾਰੀ ਹਾਂ ਤੇ ਅਸੀਂ ਮਦਨ ਮੋਹਨ ਮਾਲਵੀਆ ਦੀ ਧਰਤੀ ‘ਤੇ ਗੰਦ ਨਹੀਂ ਫੈਲਣ ਦਿਆਂਗੇ। ਇਹ ਐਪ ਲੋਕਾਂ ਨੂੰ ਗੰਦਗੀ ਵਾਲੇ ਪਾਸੇ ਜਾਣ ਤੋਂ ਰੋਕੇਗੀ। ਇਸ ਐਪ ਨੂੰ ਤਿਆਰ ਕਰਨ ਵਿੱਚ 6 ਮਹੀਨੇ ਲੱਗੇ ਹਨ, ਇਸ ਅਧੀਨ ਤਕਰੀਬਨ 3800 ਅਜਿਹੀਆਂ ਵੈੱਬਸਾਈਟਸ ਲਿਆਂਦੀਆਂ ਗਈਆਂ ਹਨ, ਜਿਨ੍ਹਾਂ ਨੂੰ ਚਲਾਏ ਜਾਣ ‘ਤੇ ਭਜਨ ਸ਼ੁਰੂ ਹੋ ਜਾਵੇਗਾ।