ਗਾਇਕ ਤੋਂ ਗੈਂਗਸਟਰ ਬਣੇ ਇਸ ਸ਼ਖਸ ਨੇ ਗੌਂਡਰ ਦੇ ਐਨਕਾਊਂਟਰ ਤੋਂ ਡਰਦੇ ਕੀਤਾ ਸਿਰੰਡਰ
ਗਾਇਕ ਤੋਂ ਗੈਂਗਸਰ ਬਣੇ ਰਵੀ ਦਿਓਲ ਨੇ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦੇ ਐਨਕਾਊਂਟਰ ਤੋਂ ਘਬਰਾ ਕੇ ਆਤਮ ਸਮਰਪਣ ਕਰ ਦਿੱਤਾ। ਰਵੀ ਦਿਓਲ ਅਦਾਲਤ ਵਿਚ ਪੇਸ਼ ਹੋਇਆ ਅਤੇ ਆਤਮ ਸਮਰਪਣ ਕਰ ਦਿੱਤਾ। ਆਦਲਤ ਵਿਚ ਆਤਮ ਸਮਰਪਣ ਤੋਂ ਪਹਿਲਾਂ ਰਵੀ ਨੇ ਆਪਣੇ ਫੇਸਬੁਕ ਪੇਜ ‘ਤੇ ਬਕਾਇਦਾ ਇਸ ਦੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਗੈਂਗਸਟਰਾਂ ਨੂੰ ਆਤਮ ਸਮਰਪਣ ਕਰਨ ਦਾ ਸੱਦਾ ਦਿੱਤਾ ਗਿਆ ਸੀ ਜਿਸ ਦੇ ਚੱਲਦੇ ਰਵੀ ਨੇ ਅੱਜ ਸੰਗਰੂਰ ਦੀ ਅਦਾਲਤ ਵਿਚ ਸਿਰੰਡਰ ਕਰ ਦਿੱਤਾ। ਰਵੀ ਦਿਓਲ ਪਿਛਲੇ ਲੰਬੇ ਸਮੇਂ ਤੋਂ ਕਈ ਜ਼ਿਲਿਆਂ ਦੀ ਪੁਲਸ ਨੂੰ ਲੋੜੀਂਦਾ ਸੀ।
ਸੀਨੀਅਰ ਵਕੀਲ ਅਸ਼ਵਨੀ ਚੌਧਰੀ ਨੇ ਦੱਸਿਆ ਕਿ ਰਵਿਚਰਨ ਸਿੰਘ ਉਰਫ ਰਵੀ ਦਿਓਲ ਵਲੋਂ ਮੰਗਲਵਾਰ ਦੁਪਹਿਰ ਉਨ੍ਹਾਂ ਰਾਹੀਂ ਅਦਾਲਤ ਵਿਚ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਦੱਸਿਆ ਕਿ ਰਵੀ ਦਿਓਲ 8 ਮੁਕੱਦਮਿਆਂ ਵਿਚ ਭਗੌੜਾ ਕਰਾਰ ਦਿੱਤਾ ਗਿਆ ਸੀ। ਮਾਣਯੋਗ ਅਦਾਲਤ ਵਿਚ ਆਤਮ ਸਮਰਪਣ ਤੋਂ ਬਾਅਦ ਅਦਾਲਤ ਵੱਲੋਂ ਜ਼ਿਲਾ ਪੁਲਸ ਮੁਖੀ ਨੂੰ ਉਸ ਬਾਰੇ ਸੂਚਿਤ ਕੀਤਾ ਗਿਆ।
ਪਿਛਲੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਸੀ ਸਰਗਰਮ
ਰਵੀ ਦਿਓਲ ਪਿਛਲੇ ਕਾਫ਼ੀ ਸਮੇਂ ਤੋਂ ਸੋਸ਼ਲ ਮੀਡੀਆ ‘ਤੇ ਸਰਗਰਮ ਸੀ। ਉਹ ਕਿੱਥੇ ਰਹਿ ਰਿਹਾ ਸੀ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ ਸੀ। ਗਾਇਕੀ ਤੇ ਮਾਡਲਿੰਗ ਦਾ ਸ਼ੌਕ ਰੱਖਣ ਵਾਲੇ ਦਿਓਲ ਨੇ ਕਈ ਗੀਤ ਵੀ ਰਿਕਾਰਡ ਕਰਵਾਏ ਸਨ ਅਤੇ ਉਸ ਨੇ ਕਈ ਨਾਮੀ ਅਦਾਕਾਰਾਂ ਨਾਲ ਫ਼ਿਲਮ ਵਿਚ ਕੰਮ ਕਰਨ ਵਾਲੀਆਂ ਤਸਵੀਰਾਂ ਵੀ ਫੇਸਬੁੱਕ ਆਈ. ਡੀ. ‘ਤੇ ਪਾਈਆਂ ਹੋਈਆਂ ਸਨ।
ਮੈਂ ਅਦਾਲਤ ਜਾ ਕੇ ਆਤਮ ਸਮਰਪਣ ਕਰ ਰਿਹਾਂ : ਰਵੀ ਦਿਓਲ
ਅਦਾਲਤ ਵਿਚ ਪੇਸ਼ ਹੋਣ ਤੋਂ ਪਹਿਲਾਂ ਰਵੀ ਦਿਓਲ ਨੇ ਆਪਣੀ ਫੇਸਬੁੱਕ ਆਈ. ਡੀ. ‘ਤੇ ਇਸ ਸਬੰਧੀ ਸੂਚਨਾ ਦਿੱਤੀ ਸੀ ਕਿ ਉਹ ਅਦਾਲਤ ਵਿਚ ਆਤਮ ਸਮਰਪਣ ਕਰਨ ਜਾ ਰਿਹਾ ਹੈ। ਉਸ ਨੇ ਇਹ ਵੀ ਕਿਹਾ ਕਿ ਅੱਜ ਉਹ ਇਕ ਨਵਾਂ ਕੰਮ ਕਰਨ ਜਾ ਰਿਹਾ ਹੈ ਅਤੇ ਛੇਤੀ ਹੀ ਉਹ ਸੰਗੀਤ ਦੀ ਦੁਨੀਆ ਵਿਚ ਆਪਣੇ ਨਵੇਂ ਗੀਤ ਲੈ ਕੇ ਆਵੇਗਾ।