ਵੀਜ਼ਾ ਨੂੰ ਲੈ ਕੇ ਟਰੰਪ ਸਰਕਾਰ ਦਾ ਸਖਤ ਰਵੱਈਆ, ਭਾਰਤੀਆਂ ‘ਤੇ ਪਵੇਗਾ ਅਸਰ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਡੋਨਾਲਡ ਟਰੰਪ ਸਰਕਾਰ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਲਈ ਵਰਕ ਪਰਮਿਟ ਨੂੰ ਖਤਮ ਕਰਨ ਦੀ ਯੋਜਨਾ ਬਣਾ ਰਹੀ ਹੈ। ਯਾਨੀ ਕਿ ਜੇਕਰ ਪਤੀ ਕੋਲ ਐੱਚ-1ਬੀ ਵੀਜ਼ਾ ਹੈ, ਤਾਂ ਪਤਨੀ ਨੂੰ ਵੀ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਤਰ੍ਹਾਂ ਪਤਨੀ ਕੋਲ ਵੀਜ਼ਾ ਹੈ ਤਾਂ ਪਤੀ ਨੂੰ ਵਰਕ ਪਰਮਿਟ ਨਹੀਂ ਮਿਲੇਗਾ। ਸੰਘੀ ਏਜੰਸੀ ਦੇ ਇਕ ਉੱਚ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਮੰਨਿਆ ਜਾਂਦਾ ਹੈ ਕਿ ਟਰੰਪ ਸਰਕਾਰ ਦੇ ਇਸ ਕਦਮ ਨਾਲ ਹਜ਼ਾਰਾਂ ਭਾਰਤੀਆਂ ‘ਤੇ ਅਸਰ ਪਵੇਗਾ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਕਾਰਜਕਾਲ ਸਮੇਂ ਸ਼ੁਰੂ ਕੀਤੇ ਗਏ ਜੀਵਨ ਸਾਥੀ ਨੂੰ ਵਰਕ ਪਰਮਿਟ ਦੇਣ ਦੇ ਇਸ ਫੈਸਲੇ ਨੂੰ ਖਤਮ ਕਰਨ ਨਾਲ 70,000 ਤੋਂ ਵਧ ਐੱਚ-4 ਵੀਜ਼ਾ ਧਾਰਕ ਪ੍ਰਭਾਵਿਤ ਹੋਣਗੇ, ਜਿਨ੍ਹਾਂ ਕੋਲ ਵਰਕ ਪਰਮਿਟ ਹੈ। ਇੱਥੇ ਦੱਸ ਦੇਈਏ ਕਿ ਐੱਚ-4 ਵੀਜ਼ਾ, ਐੱਚ-1ਬੀ ਵੀਜ਼ਾ ਧਾਰਕ ਦੇ ਜੀਵਨ ਸਾਥੀ ਨੂੰ ਜਾਰੀ ਕੀਤਾ ਜਾਂਦਾ ਹੈ। ਇਨ੍ਹਾਂ ‘ਚੋਂ ਵੱਡੀ ਗਿਣਤੀ ਵਿਚ ਭਾਰਤੀ ਹੁਨਰਮੰਦ ਪੇਸ਼ੇਵਰ ਹਨ। ਉਨ੍ਹਾਂ ਨੂੰ ਵਰਕ ਪਰਮਿਟ ਓਬਾਮਾ ਪ੍ਰਸ਼ਾਸਨ ਦੇ ਕਾਰਜਕਾਲ ਵਿਚ ਜਾਰੀ ਵਿਸ਼ੇਸ਼ ਹੁਕਮ ਜ਼ਰੀਏ ਮਿਲਿਆ ਸੀ। ਇਸ ਵਿਵਸਥਾ ਦਾ ਸਭ ਤੋਂ ਵਧ ਫਾਇਦਾ ਭਾਰਤੀ-ਅਮਰੀਕੀਆਂ ਨੂੰ ਮਿਲਿਆ ਸੀ। ਇਕ ਲੱਖ ਤੋਂ ਵਧ ਐੱਚ-4 ਵੀਜ਼ਾ ਧਾਰਕਾਂ ਨੂੰ ਇਸ ਨਿਯਮ ਦਾ ਫਾਇਦਾ ਮਿਲ ਚੁੱਕਾ ਹੈ।
ਓਬਾਮਾ ਪ੍ਰਸ਼ਾਸਨ ਦੇ 2015 ਦੇ ਨਿਯਮ ਮੁਤਾਬਕ ਐੱਚ-1ਬੀ ਵੀਜ਼ਾ ਧਾਰਕਾਂ ਦੇ ਜੀਵਨ ਸਾਥੀਆਂ ਨੂੰ ਵਰਕ ਪਰਮਿਟ ਦੇਣ ਦੀ ਆਗਿਆ ਦਿੱਤੀ ਸੀ, ਨਹੀਂ ਤਾਂ ਉਹ ਕੋਈ ਨੌਕਰੀ ਨਹੀਂ ਕਰ ਸਕਦੇ। ਉੱਥੇ ਹੀ ਇਸ ਦਾ ਦੂਜਾ ਰਸਤਾ ਇਹ ਹੈ ਕਿ ਐੱਚ-1ਬੀ ਵੀਜ਼ਾ ਧਾਰਕ ਸਥਾਈ ਨਿਵਾਸ ਦਾ ਦਰਜਾ ਹਾਸਲ ਕਰੇ। ਇਸ ਪ੍ਰਕਿਰਿਆ ਵਿਚ ਇਕ ਦਹਾਕੇ ਜਾਂ ਵਧ ਦਾ ਸਮਾਂ ਲੱਗਦਾ ਹੈ। ਅਜਿਹੇ ਵਿਚ ਓਬਾਮਾ ਪ੍ਰਸ਼ਾਸਨ ਦੇ ਇਸ ਨਿਯਮ ਨਾਲ ਉਨ੍ਹਾਂ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਫਾਇਦਾ ਹੋਇਆ ਸੀ, ਜਿਨ੍ਹਾਂ ਦੇ ਜੀਵਨ ਸਾਥੀ ਵੀ ਅਮਰੀਕਾ ਵਿਚ ਨੌਕਰੀ ਕਰਨਾ ਚਾਹੁੰਦੇ ਹਨ।
ਟਰੰਪ ਪ੍ਰਸ਼ਾਸਨ ਇਸ ਵਿਵਸਥਾ ਨੂੰ ਹੁਣ ਖਤਮ ਕਰਨ ਦੀ ਯੋਜਨਾ ਬਣਾ ਰਿਹਾ ਹੈ। ਆਉਣ ਵਾਲੇ ਮਹੀਨਿਆਂ ਵਿਚ ਇਸ ਬਾਰੇ ਰਸਮੀ ਤੌਰ ‘ਤੇ ਐਲਾਨ ਹੋ ਸਕਦਾ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾਵਾਂ ਦੇ ਡਾਇਰੈਕਟਰ ਫਰਾਂਸਿਸ ਸਿਸਨਾ ਨੇ ਸੈਨੇਟਰ ਚੱਕ ਗ੍ਰਾਸਲੇ ਨੂੰ ਚਿੱਠੀ ਲਿਖ ਕੇ ਇਹ ਜਾਣਕਾਰੀ ਦਿੱਤੀ ਹੈ। ਸਿਸਨਾ ਨੇ ਚਿੱਠੀ ‘ਚ ਕਿਹਾ ਕਿ ਇਸ ਪ੍ਰਸਤਾਵਤ ਨਿਯਮ ਦਾ ਮਕਸਦ ਐੱਚ-1ਬੀ ਵੀਜ਼ਾ ਧੋਖਾਧੜੀ ‘ਤੇ ਲਗਾਮ ਲਾਉਣਾ ਹੈ। ਐੱਚ-1ਬੀ ਵੀਜ਼ਾ ਪ੍ਰੋਗਰਾਮ ‘ਚ ਸੁਧਾਰ ਲਈ ਦੋ ਪ੍ਰਸਤਾਵਤ ਨਿਯਮਾਂ ‘ਤੇ ਕੰਮ ਕੀਤਾ ਜਾਵੇਗਾ। ਪਹਿਲਾ ਨਿਯਮ ਪ੍ਰਸਤਾਵਤ ਬਿਨੈਕਾਰਾਂ ਦੇ ਇਲੈਕਟ੍ਰਾਨਿਕ ਰਜਿਸਟ੍ਰੇਸ਼ਨ ਨਾਲ ਸੰਬੰਧਤ ਹੈ। ਦੂਜਾ ਨਿਯਮ ਵਿਸ਼ੇਸ਼ ਅਹੁਦੇ ਦੀ ਪਰਿਭਾਸ਼ਾ ‘ਚ ਸੋਧ ਕਰਨ ਨਾਲ ਸੰਬੰਧਤ ਹੈ। ਸਿਸਨਾ ਨੇ ਕਿਹਾ ਕਿ ਇਸ ਨਾਲ ਪ੍ਰਤੀਭਾਸ਼ਾਲੀ ਵਿਦੇਸ਼ੀ ਪੇਸ਼ੇਵਰਾਂ ਦੀ ਨਿਯੁਕਤੀ ‘ਤੇ ਧਿਆਨ ਦਿੱਤਾ ਜਾ ਸਕੇਗਾ। ਇਮੀਗ੍ਰੇਸ਼ਨ ਨੀਤੀ ਸੰਸਥਾ ਦੇ ਹਾਲ ਹੀ ਦੇ ਅਧਿਐਨ ਮੁਤਾਬਕ ਅਮਰੀਕਾ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ 71,000 ਜੀਵਨ ਸਾਥੀਆਂ ਨੂੰ ਰੋਜ਼ਗਾਰ ਦੀ ਆਗਿਆ ਦਿੱਤੀ, ਜਿਨ੍ਹਾਂ ‘ਚੋਂ 90 ਫੀਸਦੀ ਤੋਂ ਵਧ ਭਾਰਤੀ ਹਨ।