ਪੰਜਾਬ ਵਿੱਚ ਅਣਗਣਿਤ ਬਾਬੇ ਹੋ ਗਏ ਜੋ ਕਹਿੰਦੇ ਨੇ ਤੁਸੀ ਸਾਡੇ ਕੋਲੋ ਗੁਰਬਾਣੀ ਦਾ ਗਿਆਨ ਲਉ ਤੇ ਤਹਾਨੂੰ ਅੰਮ੍ਰਿਤ ਛੱਕਣ ਦੀ ਵੀ ਕੋਈ ਲੋੜ ਨਹੀਂ …. ਫਿਰ ਉਹ ਗਲਤ ਵਿਆਖਿਆ ਕਰਕੇ ਤਸਵੀਰ, ਬੁੱਤ ਅਤੇ ਫਿਰ ਆਪਣੇ ਨਾਲ ਜੋੜ ਲੈਂਦੇ ਨੇ … ਭਾਰਤੀ ਚਿੰਤਨ ਅਨੁਸਾਰ ਸੰਤਾਂ ਮਹਾਂਪੁਰਖਾਂ ਦਾ ਆਗਮਨ ਮਨੁੱਖਾ ਜੀਵਨ ਨੂੰ ਗਿਰਾਵਟ ਵੱਲ ਲੈ ਜਾਣ ਵਾਲੇ ਪੱਖਾਂ ਨੂੰ ਖਤਮ ਕਰਨ ਲਈ ਹੁੰਦਾ ਹੈ। ਪੰਜਾਬ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ (੧੪੬੯ ਈ.) ਇਸੇ ਧਾਰਨਾ ਅਨੁਸਾਰ ‘ਮਿਟੀ ਧੁੰਧੁ ਜਗਿ ਚਾਨਣੁ ਹੋਆ’ ਵੱਲ ਸੰਕੇਤ ਕਰਦਾ ਹੈ। ਇਸ ਤਰ੍ਹਾਂ ਦੇ ਮਹਾਂਪੁਰਸ਼ ਧਰਮਵੀਰ, ਕਰਮਵੀਰ, ਦਾਨਵੀਰ ਤੇ ਦਯਾਵੀਰ ਹੋਣ ਦੇ ਨਾਲ ਨਾਲ ਜਨ-ਮਾਨਸ ਨੂੰ ਕਰੁਣਾ ਦਾ ਅੰਮ੍ਰਿਤ ਪ੍ਰਦਾਨ ਕਰਕੇ ਸਹੀ ਦਿਸ਼ਾ ਦਿੰਦੇ ਹਨ ਅਤੇ ਲੋਕਾਂ ਦਾ ਮਾਰਗ ਦਰਸ਼ਨ ਕਰਦੇ ਹਨ। ਇਹ ਮਾਰਗ ਦਰਸ਼ਨ ਪਿਆਰ ਦੇ ਜ਼ਰੀਏ ਨਵੇਂ ਆਦਰਸ਼ਾਂ ਦੀ ਸਥਾਪਨਾ ਕਰਕੇ ਸੰਸਾਰ ਨੂੰ ਗਿਆਨ ਦੀ ਰੌਸ਼ਨੀ ਪ੍ਰਦਾਨ ਕਰਦੇ ਹਨ।
ਗੁਰੂ ਜੀ ਦਾ ਆਗਮਨ ਜਿਸ ਸਮੇਂ ਹੋਇਆ ਉਦੋਂ ਭਾਰਤ ਦੇ ਰਾਜਨੀਤਿਕ, ਸਮਾਜਿਕ, ਧਾਰਮਿਕ, ਆਰਥਿਕ, ਅਤੇ ਸੱਭਿਆਚਾਰਕ ਹਾਲਤਾਂ ਵਿਚ ਗਿਰਾਵਟ ਆ ਚੁੱਕੀ ਸੀ। ਸਮੇਂ ਦੇ ਹਾਲਾਤਾਂ ਦਾ ਮਨੁੱਖ ਦੇ ਦ੍ਰਿਸ਼ਟੀਕੋਣ ਦੇ ਨਿਰਮਾਣ ਵਿਚ ਬਹੁਤ ਵੱਡਾ ਹੱਥ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਸਮੇਂ ਦੇ ਅਨੁਸਾਰ ਆਪਣੇ ਮਕਸਦ ਨੂੰ ਸਨਮੁੱਖ ਰੱਖਿਆ ਅਤੇ ਉਸ ਉੱਪਰ ਅਮਲ ਕੀਤਾ। ਗੁਰੂ ਜੀ ਨੇ ਆਪਣੇ ਸਮੇਂ ਦੇ ਭਾਰਤੀ ਜੀਵਨ ਨੂੰ ਡੂੰਘੀ ਨੀਝ ਨਾਲ ਦੇਖਿਆ ਅਤੇ ਉਸ ਵਿਚ ਵਿਆਪਕ ਧਾਰਮਿਕ ਅੰਧਕਾਰ, ਸਮਾਜਿਕ ਗਿਰਾਵਟ ਅਤੇ ਰਾਜਸੀ ਅਨਿਆਂ ਨੂੰ ਆਪਣੀ ਬਾਣੀ ਵਿਚ ਚੰਗੀ ਤਰ੍ਹਾਂ ਚਿਤਰਿਆ ਹੈ ਤੇ ਉਸ ਦੀ ਕਰੜੀ ਪੜਚੋਲ ਕੀਤੀ ਹੈ।
ਗੁਰੂ ਨਾਨਕ ਦੇਵ ਜੀ ਨੇ ਅਜਿਹੇ ਧਰਮ ਦੀ ਨੀਂਹ ਰੱਖੀ, ਜਿਸ ਨੇ ‘ਸਭੇ ਸਾਝੀਵਾਲ ਸਦਾਇਨਿ’ ਦਾ ਇਲਾਹੀ ਨਾਦ ਦੁਨੀਆਂ ਵਿਚ ਗੂੰਜਾ ਕੇ ਮਨੁੱਖਤਾ ਦੇ ਆਲੇ-ਦੁਆਲੇ ਖੜੀਆਂ ਕੀਤੀਆਂ ਵਲਗਣਾਂ ਨੂੰ ਖਤਮ ਕਰ ਸ਼ੋਸ਼ਿਤ ਤੋਂ ਸੁਤੰਤਰਤਾ ਦਾ ਪ੍ਰਸੰਗ ਸਥਾਪਿਤ ਕੀਤਾ। ਗੁਰੂ ਸਾਹਿਬ ਜੀ ਬਹੁਮੁੱਖੀ ਪ੍ਰਤਿਭਾ ਦੇ ਸੁਆਮੀ ਸਨ। ਆਪ ਆਦਰਸ਼ ਸ਼ਖ਼ਸੀਅਤ ਦੇ ਮਾਲਕ, ਸਚਾਈ, ਪ੍ਰੇਮ, ਸਿਮਰਨ, ਸੇਵਾ ਤੇ ਸ਼ਕਤੀ ਦੇ ਪੁੰਜ ਸਨ। ਉਨ੍ਹਾਂ ਦਾ ਜੀਵਨ ਸਦੀਆਂ ਤੋਂ ਲੱਖਾਂ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦਾ ਆ ਰਿਹਾ ਹੈ। ਗੁਰੂ ਸਾਹਿਬ ਨੇ ਜੋ ਵੀ ਸੰਦੇਸ਼ ਦਿੱਤੇ, ਉਹ ਸਰਵਕਾਲੀਨ ਹਨ। ਉਨ੍ਹਾਂ ਦੇ ਮਹਾਨ ਸੰਦੇਸ਼ ਦਾ ਅਧਿਐਨ ਜੇਕਰ ਅੱਜ ਦੀਆਂ ਸਮਾਜਿਕ, ਰਾਜਨੀਤਿਕ ਤੇ ਆਰਥਿਕ ਸਮੱਸਿਆਵਾਂ ਨੂੰ ਮੁੱਖ ਰੱਖਕੇ ਕੀਤਾ ਜਾਵੇ ਤਾਂ ਵੀ ਉਹ ਪ੍ਰੇਰਣਾਦਾਇਕ ਹੈ। ਗੁਰੂ ਨਾਨਕ ਦੇਵ ਜੀ ਜਗਤ ਗੁਰੂ ਸਨ, ਉਨ੍ਹਾਂ ਨੇ ਮਨੁੱਖਾ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦਾ ਗਹਿਰਾ ਅਧਿਐਨ ਕੀਤਾ ਅਤੇ ਆਪਣਾ ਸਾਰਾ ਜੀਵਨ ਲੋਕਾਂ ਨੂੰ ਜੀਵਨ-ਜਾਚ ਸਿਖਾਉਣ ਲਈ ਅਰਪਣ ਕਰ ਦਿੱਤਾ। ਉਨ੍ਹਾਂ ਆਪਣੀ ਜ਼ਿੰਦਗੀ ਦਾ ਬਹੁਤਾ ਹਿੱਸਾ ਲੋਕਾਂ ਨੂੰ ਸੱਚੀ ਸਿੱਖਿਆ ਦੇਣ ਲਈ ਦੇਸ ਦੇਸਾਂਤਰਾਂ ਦੀਆਂ ਯਾਤਰਾਵਾਂ ਵਿਚ ਗੁਜਾਰਿਆ, ਜਿਨ੍ਹਾਂ ਨੂੰ ਗੁਰੂ ਨਾਨਕ ਸਹਿਬ ਦੀਆਂ ਉਦਾਸੀਆਂ ਕਿਹਾ ਜਾਂਦਾ ਹੈ। ਆਪ ਦੀਆਂ ਯਾਤਰਾਵਾਂ ਚਲਦੀਆਂ ਫਿਰਦੀਆਂ ਪਾਠਸ਼ਾਲਾਵਾਂ ਸਨ।
ਉਸ ਸਮੇਂ ਦੇ ਸ਼ਾਸਕਾਂ ਨਾਲ ਗੁਰੂ ਜੀ ਦਾ ਮਿਲਾਪ ਹੋਇਆ, ਉਨ੍ਹਾਂ ਨੇ ਗੁਰੂ ਜੀ ਦੇ ਸੁਤੰਤਰ ਵਿਚਾਰਾਂ ਕਾਰਨ ਕੈਦ ਕਰ ਲਿਆ ਸੀ। ਉਸ ਸਮੇਂ ਸਜਾ ਦੇ ਨਿਯਮ ਬਹੁਤ ਸਖ਼ਤ ਸਨ। ਦੋਸ਼ੀਆਂ ਨੂੰ ਆਮ ਤੌਰ ਤੇ ਅੰਗ ਭੰਗ ਕਰਨ ਅਤੇ ਮੌਤ ਦੀ ਸਜਾ ਦਿੱਤੀ ਜਾਂਦੀ ਸੀ। ਦੋਸ਼ੀਆਂ ਕੋਲੋਂ ਦੋਸ਼ ਦਾ ਇਕਬਾਲ ਕਰਵਾਉਣ ਲਈ ਸਖ਼ਤੀ ਤੇ ਜ਼ੁਲਮ ਦਾ ਪ੍ਰਯੋਗ ਕੀਤਾ ਜਾਂਦਾ ਸੀ। ਸਮੇਂ ਦੇ ਅਫਸਰਾਂ ਵਿਚ ਰਿਸ਼ਵਤ ਦਾ ਬੋਲਬਾਲਾ ਸੀ। ਇਤਿਹਾਸ ਦੇ ਅਨੁਸਾਰ ਇਹ ਸਮਾਂ ਰਾਜਨੀਤਿਕ ਹਲਚਲ ਤੇ ਅਰਾਜਕਤਾ ਦਾ ਜ਼ਮਾਨਾ ਸੀ। ਆਪਣੇ ਸਮੇਂ ਦਾ ਹਾਲ ਗੁਰੂ ਜੀ ਨੇ ਬਾਣੀ ਵਿਚ ਬਿਆਨ ਕੀਤਾ ਹੈ:-
-ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ॥
(ਪੰਨਾ ੧੪੫) ਗੁਰੂ ਸਾਹਿਬ ਜੀ ਨੇ ਚੰਗੇ ਸਮਾਜ ਦੇ ਨਿਰਮਾਣ ਲਈ ਦੁਨੀਆਂ ਸਾਹਮਣੇ ਤਿੰਨ ਸਿਧਾਂਤ ਰੱਖੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਜੀ ਨੇ ਸਾਂਝੀਵਾਲਤਾ, ਭਾਈਚਾਰੇ, ਅਤੇ ਰਾਸ਼ਟਰੀ ਏਕਤਾ ਦਾ ਉਪਦੇਸ਼ ਦਿੱਤਾ। ਉਨ੍ਹਾਂ ਦਾ ਫ਼ਲਸਫ਼ਾ, ਉਨ੍ਹਾਂ ਦਾ ਮਾਰਗ ਹਰ ਦੇਸ਼ ਤੇ ਹਰ ਕੌਮ ਦੇ ਉਸ ਪ੍ਰਾਣੀ ਲਈ ਹੈ ਜੋ ਸਚ ਦਾ ਪਾਂਧੀ ਹੋਵੇ, ਸ਼ਾਂਤੀ ਤੇ ਮਾਨਵ ਏਕਤਾ ਦਾ ਚਾਹਵਾਨ ਹੋਵੇ। ਗੁਰੂ ਸਾਹਿਬ ਜੀ ਦੇ ਮਨ ਵਿਚ ਕੇਵਲ ਆਪਣੇ ਦੇਸ਼ ਲਈ ਹੀ ਪਿਆਰ ਨਹੀਂ ਸੀ ਉਹ ਤਾਂ ਸਾਰੀ ਸ੍ਰਿਸ਼ਟੀ ਦੇ ਕਲਿਆਣ ਲਈ ਪਰਮਾਤਮਾ ਅੱਗੇ ਬੇਨਤੀ ਕਰਦੇ ਹਨ:
ਜਗਤੁ ਜਲੰਦਾ ਰਖਿ ਲੈ ਆਪਣੀ ਕਿਰਪਾ ਧਾਰਿ॥
ਜਿਤੁ ਦੁਆਰੈ ਉਬਰੈ ਤਿਤੈ ਲੈਹੁ ਉਬਾਰਿ॥ (ਪੰਨਾ ੮੫੩)