ਪੰਜਾਬ ਪੁਲਸ ਜਿੱਥੇ ਆਏ ਦਿਨ ਕਿਸੇ ਨਾ ਕਿਸੇ ਮਸਲੇ ਕਰਕੇ ਸੁਰਖੀਆ ‘ਚ ਰਹਿੰਦੀ ਹੈ ਅਤੇ ਅਕਸਰ ਖਾਕੀ ਵਰਦੀ ਉਪਰ ਸਵਾਲ ਉੱਠਦੇ ਰਹਿੰਦੇ ਹਨ। video-
ਅਜਿਹਾ ਹੀ ਇਕ ਮਾਮਲਾ ਜ਼ਿਲਾ ਤਰਨਤਾਰਨ ਦੇ ਥਾਣਾ ਵੈਰੋਵਾਲ ਵਿਖੇ ਉਸ ਵੇਲੇ ਸਾਹਮਣੇ ਆਇਆ ਜਦੋਂ ਥਾਣੇ ਅਧੀਨ ਆਉਂਦੇ ਪਿੰਡ ਖੱਖ ਦੇ ਵਸਨੀਕ ਬਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਬੱਬੀ ਨੇ ਪਿੰਡ ਦੇ ਮੋਹਤਬਰਾਂ ਦਾ ਹਾਜ਼ਰੀ ‘ਚ ਪ੍ਰੈੱਸ ਕਾਨਫਰੰਸ ਕਰਦਿਆਂ ਪੱਤਰਕਾਰਾਂ ਨੂੰ ਲਿਖਤੀ ਤੌਰ ‘ਤੇ ਦੱਸਿਆ ਕਿ 12 ਜੂਨ ਨੂੰ ਉਨ੍ਹਾਂ ਦੀ ਛੋਟੀ ਲੜਕੀ ਪਿੰਡ ਖੱਖ ਦੇ ਹੀ ਨੌਜਵਾਨ ਗੁਰਸਾਹਬ ਸਿੰਘ ਉਰਫ ਸਾਜਨ ਨਾਲ ਘਰੋਂ ਭੱਜ ਗਈ ਸੀ। ਪਰ ਉਨ੍ਹਾਂ ਵਲੋਂ ਪੁਲਸ ਨੂੰ ਕੋਈ ਵੀ ਦਰਖਾਸਤ ਨਹੀਂ ਦਿੱਤੀ ਗਈ ਸੀ ਪਰ ਲੜਕੇ ਵਾਲਿਆਂ ਵਲੋਂ ਪੁਲਸ ਹੀ ਸੂਚਿਤ ਕਰਕੇ ਲੜਕੇ ਅਤੇ ਲੜਕੀ ਨੂੰ 15 ਜੂਨ ਨੂੰ ਗ੍ਰਿਫਤਾਰ ਕਰਵਾ ਦਿੱਤਾ ਗਿਆ।
ਇਸ ਉਪਰੰਤ ਤਿੰਨ ਦਿਨ ਬਾਅਦ ਥਾਣਾ ਵੈਰੋਵਾਲ ਦੀ ਪੁਲਸ ਨੇ ਲੜਕੀ ਦੀ ਮਾਤਾ ਦੇ ਬਿਆਨਾਂ ਦੇ ਅਧਾਰ ‘ਤੇ ਲੜਕੇ ਵਿਰੁੱਧ ਧਾਰਾ 363, 366 ਅਧੀਨ ਮੁਕੱਦਮਾ ਨੰਬਰ 72 ਦਰਜ ਕਰਕੇ ਉਸ ਨੂੰ ਜੇਲ ਭੇਜ ਦਿੱਤਾ। ਲੜਕੀ ਦੇ ਮਾਤਾ ਪਿਤਾ ਪਿੰਡ ਦੇ ਮੋਹਤਬਰਾਂ ਨੂੰ ਵਾਰ-ਵਾਰ ਪੁਲਸ ਕੋਲ ਲਿਆਉਣ ਲਈ ਗੁਹਾਰ ਲਗਾਉਦੇ ਰਹੇ ਪਰ ਥਾਣਾ ਵੈਰੋਵਾਲ ਦੀ ਪੁਲਸ ਪੰਜ ਦਿਨ ਤੱਕ ਉਨ੍ਹਾਂ ਨਾਲ ਟਾਲ ਮਟੋਲ ਕਰਦੀ ਰਹੀ । ਉਨ੍ਹਾਂ ਦੀ ਥਾਣੇ ‘ਚ ਕੋਈ ਸੁਣਵਾਈ ਨਾ ਹੋਣ ਉਪਰੰਤ ਉਹ ਪਿੰਡ ਦੇ ਮੋਹਤਬਰਾਂ ਨੂੰ ਨਾਲ ਲੈ ਕੇ ਦੋ ਵਾਰ ਐੱਸ.ਐੱਸ.ਪੀ ਤਰਨਤਾਰਨ ਨੂੰ ਵੀ ਮਿਲੇ ਪਰ ਉਨ੍ਹਾਂ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ। ਜਦ ਕਿ ਲੜਕੀ ਨੂੰ ਥਾਣਾ ਵੈਰੇਵਾਲ ਦੇ ਏ.ਐੱਸ.ਆਈ ਦੀ ਮਿਲੀ ਭੁਗਤ ਨਾਲ ਥਾਣੇ ‘ਚ ਹੀ ਲੁਕਾ ਕੇ ਰੱਖਿਆ ਗਿਆ ਸੀ।
ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਵਾਲੇ ਨਾਜਾਇਜ਼ ਤੌਰ ‘ਤੇ ਲੜਕੀ ਨੂੰ ਡਰਾਉਂਦੇ ਧਮਕਾਉਂਦੇ ਤੇ ਉਸ ਦਾ ਸ਼ੋਸ਼ਣ ਕਰਦੇ ਰਹੇ। ਬੀਤੀ ਰਾਤ ਪਿੰਡ ਵਾਸੀਆਂ ਨੂੰ ਪਤਾ ਲੱਗਣ ‘ਤੇ ਉਹ ਇਕੱਠੇ ਹੋ ਕੇ ਲੜਕੀ ਦੇ ਮਾਤਾ-ਪਿਤਾ ਤੇ ਪੰਚਾਇਤ ਦੇ ਨਾਲ ਥਾਣਾ ਵੈਰੋਵਾਲ ਵਿਖੇ ਪੁੱਜੇ ਤਾਂ ਪਹਿਲਾਂ ਤਾਂ ਪੁਲਸ ਵਾਲਿਆਂ ਨੇ ਲੜਕੀ ਦੇ ਥਾਣੇ ‘ਚ ਹੋਣ ਤੋਂ ਇਨਕਾਰ ਕਰ ਦਿੱਤਾ ਪਰ ਜਦ ਪਿੰਡ ਵਾਸੀ ਮੁਣਸ਼ੀ ਦੇ ਕਮਰੇ ‘ਚ ਪਹੁੰਚੇ ਤਾਂ ਉਨ੍ਹਾਂ ਨੂੰ ਐੱਸ.ਐੱਚ.ਓ ਦੇ ਦਫਤਰ ‘ਚ ਲੜਕੀ ਦੇ ਹੋਣ ਦੀ ਭਿਣਕ ਲੱਗ ਗਈ। ਰਾਤ ਲੱਗਭਗ ਗਿਆਰਾਂ ਵਜੇ ਤੋਂ ਬਾਅਦ ਪਹੁੰਚੇ ਪਿੰਡ ਵਾਸੀਆਂ ਨੇ ਭਾਰੀ ਜੱਦੋ ਜਹਿਦ ਉਪਰੰਤ ਲੜਕੀ ਨੂੰ ਐੱਸ.ਐੱਚ.ਓ ਦੇ ਦਫਤਰ ‘ਚੋਂ ਬਾਹਰ ਕੱਢ ਲਿਆ ਤਾਂ ਉਸ ਨਾਲ ਮੌਜੂਦ ਔਰਤ ਹੌਲਦਾਰ ਵੀ ਬਾਹਰ ਆ ਗਈ। ਹੰਗਾਮਾਂ ਹੋਣ ‘ਤੇ ਐੱਸ.ਐੱਚ.ਓ ਗੁਰਮਿੰਦਰ ਸਿੰਘ ਉੱਥੇ ਪਹੁੰਚ ਗਏ।
ਇਸ ਮੌਕੇ ਉਨ੍ਹਾਂ ਦੋਸ਼ ਲਗਾਇਆ ਕਿ ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਧਮਕਾਇਆ ਅਤੇ ਧੱਕਾ ਮੁੱਕੀ ਕਰਦਿਆਂ ਸਾਰੇ ਪਿੰਡ ਨੂੰ ਥਾਣੇ ‘ਚ ਬੰਦ ਕਰਨ ਦੀ ਧਮਕੀ ਦਿੰਦਿਆਂ ਉਨ੍ਹਾਂ ਨੂੰ ਉਥੋਂ ਭੇਜ ਦਿੱਤਾ। ਇਸ ਮੌਕੇ ਲੜਕੀ ਦੇ ਮਾਪਿਆਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਅਤੇ ਉੱਚ ਪੁਲਸ ਅਧਿਕਾਰੀਆਂ ਨੂੰ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਸਾਡੀ ਲੜਕੀ ਨੂੰ ਅੱਧੀ ਰਾਤ ਥਾਣੇ ‘ਚ ਰੱਖਣ ਵਾਲੇ ਪੁਲਸ ਕਰਮਚਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਅਤੇ ਇਸ ਗੱਲ ਦੀ ਤਹਿ ਤੱਕ ਜਾਂਚ ਕੀਤੀ ਜਾਵੇ ਤੇ ਲੜਕੀ ਨੂੰ ਕਿਸੇ ਸੁਰੱਖਿਅਤ ਜਗ੍ਹਾ ਤੇ ਭੇਜਿਆ ਜਾਵੇ।
ਇਸ ਸੰਬੰਧੀ ਜਦੋਂ ਏ.ਐੱਸ.ਆਈ ਬਲਰਾਜ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਥਾਣਾ ਮੁਖੀ ਗੁਰਮਿੰਦਰ ਸਿੰਘ ਜਾਂ ਇਸ ਕੇਸ ਦੀ ਇੰਚਾਰਜ਼ ਐੱਸ.ਆਈ ਨਰਿੰਦਰ ਕੌਰ ਕੋਲੋਂ ਮਿਲ ਸਕਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣਾ ਫਰਜ਼ ਪੂਰਾ ਕੀਤਾ ਹੈ ਅਤੇ ਡਿਊਟੀ ‘ਚ ਕੋਈ ਕੁਤਾਹੀ ਨਹੀਂ ਕੀਤੀ।
ਇਸ ਸੰਬੰਧੀ ਮਹਿਲਾ ਮੰਡਲ ਤਰਨਤਾਰਨ ਦੀ ਇੰਚਾਰਜ਼ ਐੱਸ.ਆਈ ਨਰਿੰਦਰ ਕੌਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਲੜਕੀ ਆਪਣੇ ਮਾਪਿਆਂ ਨਾਲ ਨਹੀਂ ਜਾਣਾ ਚਾਹੁੰਦੀ ਸੀ, ਜਿਸ ਕਾਰਨ ਉਨ੍ਹਾਂ ਨੇ ਮੁੰਡੇ ਵਾਲਿਆਂ ਦੇ ਰਿਸ਼ਤੇਦਾਰਾਂ ਨੂੰ ਲਿਖਤੀ ਤੌਰ ‘ਤੇ ਲੜਕੀ ਨੂੰ ਸੌਂਪ ਦਿੱਤਾ ਸੀ। ਲੜਕੀ ਥਾਣਾ ਵੈਰੋਵਾਲ ਵਿਖੇ ਕਿਵੇਂ ਆਈ ਇਸ ਬਾਰੇ ਤਾਂ ਥਾਣੇ ਵਾਲੇ ਜਾਂ ਉਸ ਨੂੰ ਉਥੇ ਲਿਆਉਣ ਵਾਲੇ ਹੀ ਦੱਸ ਸਕਦੇ ਹਨ।
ਇਸ ਸੰਬੰਧੀ ਜਦੋਂ ਪਿੰਡ ਦੀ ਮੋਹਬਤਰਾਂ ਅਤੇ ਲੜਕੀ ਦੇ ਮਾਪਿਆਂ ਦੀ ਮੌਜ਼ੂਦਗੀ ‘ਚ ਪੱਤਰਕਾਰਾਂ ਨੇ ਐੱਸ.ਐੱਚ.ਓ ਵੈਰੋਵਾਲ ਗੁਰਮਿੰਦਰ ਸਿੰਘ ਨੂੰ ਪੁੱਛਿਆ ਤਾਂ ਪਹਿਲਾਂ ਤਾਂ ਉਸ ਨੇ ਕਿਹਾ ਕਿ ਮੈਨੂੰ ਕਿਸੇ ਗੱਲ ਦਾ ਨਹੀਂ ਪਤਾ ਅਤੇ ਏ.ਐੱਸ.ਆਈ ਬਲਰਾਜ ਸਿੰਘ ਹੀ ਸਾਰਾ ਕੇਸ ਦੇਖ ਰਹੇ ਹਨ। ਜਦੋਂ ਉਨ੍ਹਾਂ ਦੇ ਦਫਤਰ ‘ਚੋਂ ਅੱਧੀ ਰਾਤ ਨੂੰ ਲੜਕੀ ਮਿਲਣ ਬਾਰੇ ਪੁੱਛਿਆ ਗਿਆ ਤਾਂ ਉਹ ਉਸ ਬਾਰੇ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੇ । ਉਨ੍ਹਾਂ ਨੇ ਸਾਰੇ ਕੇਸ ਤੋਂ ਪੱਲਾ ਝਾੜਦਿਆਂ ਕਿਹਾ ਕਿ ਇਸ ਕੰਮ ਲਈ ਏ.ਐੱਸ.ਆਈ ਬਲਰਾਜ ਸਿੰਘ ਅਤੇ ਮਹਿਲਾ ਇੰਚਾਰਜ ਨਰਿੰਦਰ ਕੌਰ ਹੀ ਜ਼ਿੰਮੇਵਾਰ ਹਨ। ਰਾਤ ਦੇ ਸਮੇਂ ਮੁਣਸ਼ੀ ਦੀ ਡਿਊਟੀ ‘ਤੇ ਤਾਇਨਾਤ ਰਣਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮੇਰੀ ਡਿਊਟੀ ਤੋਂ ਪਹਿਲਾਂ ਹੀ ਲੜਕੀ ਨੂੰ ਥਾਣੇ ‘ਚ ਲਿਆਦਾਂ ਗਿਆ ਸੀ ਅਤੇ ਏ.ਐੱਸ.ਆਈ ਬਲਰਾਜ ਸਿੰਘ ਦੇ ਕਹਿਣ ‘ਤੇ ਥਾਣਾ ਮੁਖੀ ਦੀ ਸਹਿਮਤੀ ਨਾਲ ਉਸ ਨੂੰ ਐੱਸ.ਐੱਚ.ਓ ਦੇ ਦਫਤਰ ਵਿਖੇ ਸਵਾਇਆ ਗਿਆ ਸੀ।
ਕੀ ਕਹਿੰਦੇ ਨੇ ਜ਼ਿਲਾ ਤਰਨਤਾਰਨ ਦੇ ਪੁਲਸ ਮੁੱਖੀ
ਇਸ ਸੰਬੰਧੀ ਐੱਸ.ਐੱਸ.ਪੀ ਦਰਸ਼ਨ ਸਿੰਘ ਮਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਅਦਾਲਤ ‘ਚ ਲੜਕੀ ਨੂੰ ਪੇਸ਼ ਕਰਨ ਉਪਰੰਤ ਐੱਸ.ਐੱਚ.ਓ ਦੀ ਲੜਕੀ ਨੂੰ ਆਪਣੇ ਪਾਸ ਰੱਖਣ ਦੀ ਕੋਈ ਗੱਲ ਨਹੀਂ ਬਣਦੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਸੰਬੰਧੀ ਸੰਬੰਧਿਤ ਡੀ.ਐੱਸ.ਪੀ ਨਾਲ ਗੱਲ ਕਰੋ ਇਹੋ ਜਿਹੇ ਨਿੱਕੇ ਮੋਟੇ ਮਾਮਲਿਆਂ ਵਾਸਤੇ ਮੇਰਾ ਪੱਖ ਲਿੱਖਣਾ ਠੀਕ ਨਹੀਂ ਹੈ । ਇਸ ਸੰਬੰਧੀ ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਜ਼ਿਆਦਾ ਨਾ ਉਭਾਰੋ ਇਸ ਨਾਲ ਲੜਕੀ ਦਾ ਭਵਿੱਖ ਵੀ ਖਰਾਬ ਹੋ ਸਕਦਾ ਹੈ ਜਦੋਂ ਉਨ੍ਹਾਂ ਨੂੰ ਰਾਤ ਨੂੰ ਲੜਕੀ ਬਰਾਮਦ ਹੋਣ ਦੀ ਵੀਡੀਓ ਪੱਤਰਕਾਰਾਂ ਕੋਲ ਹੋਣ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਵੀਡੀਓ ਤੁਰੰਤ ਮੈਨੂੰ ਭੇਜੋ ਮੈਂ ਇਸ ਦੀ ਇਨਕੁਆਰੀ ਕਰਵਾਉਦਾਂ ਹਾਂ। ਸਵਾਲ ਇਸ ਗੱਲ ਦਾ ਹੈ ਕਿ ਲੜਕਾ ਅਤੇ ਲੜਕੀ ਬਾਲਗ ਹੋਣ ਉਪਰੰਤ ਵੀ ਲੜਕੇ ਉੱਪਰ ਪੁਲਸ ਵਲੋਂ ਲੜਕੀ ਦੀ ਮਾਤਾ ਦੇ ਬਿਆਨਾਂ ਤੇ ਕੇਸ ਦਰਜ ਕਰਕੇ ਉਸ ਨੂੰ ਜੇਲ ਭੇਜ ਦਿੱਤਾ ਗਿਆ ਜਦੋਂ ਕਿ ਕਿ ਦੂਜੇ ਪਾਸੇ ਲੜਕੀ ਆਪਣੇ ਮਾਤਾ-ਪਿਤਾ ਨਾਲ ਸਹਿਮਤ ਨਾ ਹੋਣ ਦੀ ਗੱਲ ਪੁਲਸ ਵਾਲੇ ਦਸ ਰਹੇ ਹਨ। ਲੜਕੇ ਦੇ ਜੇਲ ਜਾਣ ਤੋਂ ਪੰਜ ਦਿਨ ਬਾਅਦ ਲੜਕੀ ਨੂੰ ਨਾਰੀ ਨਿਕੇਤਨ ‘ਚ ਛੱਡ ਕੇ ਆਉਣਾ ਅਤੇ ਥਾਣਾ ਮੁਖੀ ਦੇ ਦਫਤਰ ‘ਚੋਂ ਅੱਧੀ ਰਾਤ ਪਿੰਡ ਵਾਸੀਆਂ ਵਲੋਂ ਲੜਕੀ ਨੂੰ ਬਰਾਮਦ ਕਰਨਾ ਇਹ ਸਾਰਾ ਮਾਮਲਾ ਪੁਲਸ ਉਪਰ ਸਵਾਲੀਆ ਨਿਸ਼ਾਨ ਖੜੇ ਕਰਦਾ ਹੈ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ