ਰੁੱਖ ਤੇ ਮਨੁੱਖ ਦਾ ਰਿਸ਼ਤਾ ਮੁੱਢ ਕਦੀਮ ਤੋਂ ਟੁਰਿਆ ਆ ਰਿਹਾ ਹੈ। ਜੇਕਰ ਰੁੱਖ ਹੈ ਤੇ ਮਨੁੱਖ ਵੀ ਹੈ। ਜੇ ਰੁੱਖ ਨਹੀਂ ਤਾਂ ਮਨੁੱਖ ਵੀ ਨਹੀਂ ਹੈ। ਇਨ੍ਹਾਂ ਰੁੱਖਾਂ ਕਰਕੇ ਹੀ ਅਸੀਂ ਖਾਂਦੇ-ਪੀਂਦੇ ਅਤੇ ਸਾਹ ਲੈਂਦੇ ਹਾਂ। ਵਾਤਾਵਰਣ ਸੰਤੁਲਨ ਤਾਂ ਹੀ ਕਾਇਮ ਰਹੇਗਾ ਜੇਕਰ ਸਾਡਾ ਸਾਰਾ ਆਲਾ-ਦੁਆਲਾ ਸਾਫ ਅਤੇ ਸ਼ੁੱਧ ਹੈ ਤਾਂ ਹੀ ਅਸੀਂ ਅਰੋਗ ਰਹਿ ਸਕਦੇ ਹਾਂ………… ।
ਜੇਕਰ ਕਿਸੇ ਨੂੰ ਇਕ ਪਲ ਲਈ ਵੀ ਸ਼ੁੱਧ ਹਵਾ ਨਾ ਮਿਲੇ, ਸ਼ੁੱਧ ਪਾਣੀ ਨਾ ਮਿਲੇ ਤਾਂ ਉਸ ਦਾ ਕੀ ਬਣੇਗਾ। ਸਾਡੇ ਦੇਸ਼ ਦੀ ਜਨਸੰਖਿਆ ਤੇ ਮਨੁੱਖ ਦੀਆਂ ਨਿੱਜੀ ਲਾਲਸਾਵਾਂ ਕਾਰਨ ਜੰਗਲਾਂ ਦੀ ਧੜਾਧੜ ਕਟਾਈ ਹੋ ਰਹੀ ਹੈ, ਪਰ ਦੁੱਖ ਭਰੀ ਹੈਰਾਨੀ ਤਾਂ ਉਦੋਂ ਹੁੰਦੀ ਹੈ ਕਿ ਪੰਜਾਬ ਵਿੱਚ ਸਿਰਫ 6.3 ਫੀਸਦੀ ਜੰਗਲ ਰਹਿ ਗਏ ਹਨ………… । ਵਾਤਾਵਰਨ ਦੀ ਸੰਭਾਲ ਕਾਇਮ ਰੱਖਣ ਵਾਸਤੇ ਘੱਟੋ-ਘੱਟ 27 ਤੋਂ 30 ਫੀਸਦੀ ਜੰਗਲ ਹੋਣੇ ਬੇਹੱਦ ਜ਼ਰੂਰੀ ਹਨ। ਇਸੇ ਕਰਕੇ ਹੀ ਅੱਜ ਸਾਰਾ ਪੰਜਾਬ ਪਾਣੀ ਲਈ ਤਰਸ ਰਿਹਾ ………….. । ਪੰਜ ਆਬ ਦਰਿਆ ਦੀ ਮਾਂ ਧਰਤੀ ਅੱਜ ਪਾਣੀ ਤੋਂ ਸੱਖਣੀ ਹੈ। ਪੰਜਾਬੀ ਲੋਕ ਗੀਤਾਂ ਦੀ ਗੱਲ ਕਰੀਏ ਤਾਂ ਸਭਿਆਚਾਰਕ ਵਾਤਾਵਰਨ ਉਸਾਰਨ ਵਿੱਚ ਰੁੱਖਾਂ ਦੀ ਵਿਸ਼ੇਸ਼ ਭੂਮਿਕਾ ਹੈ। ਅੰਬਾਂ, ਤੂਤਾਂ, ਟਾਲੀਆਂ, ਪਿੱਪਲਾਂ ਆਦਿ ਦੀਆਂ ਠੰਢੀਆਂ ਛਾਵਾਂ ਦਾ ਪੁਰਾਤਨ ਜੀਵਨ ਵਿੱਚ ਕੀ ਮਹੱਤਵ ਸੀ? ਇਹ ਗੱਲ ਸਾਡੇ ਪੂਰਵਜ ਭਲੀਭਾਂਤ ਜਾਣਦੇ ਸਨ। ਰੁੱਖਾਂ ਦੀ ਨਿਰਸ਼ਲਤਾ ਅਤੇ ਸਾਦਗੀ ਮਨੁੱਖ ਵਿੱਚ ਪਰਿਵਰਤਿਤ ਹੋ ਕੇ ਗੀਤਾਂ ਦਾ ਅੰਗ ਕਿਵੇਂ ਬਣਦੀ ਸੀ,ਵੇਖਣਯੋਗ ਹੈ ਜਿਵੇਂ:-
ਅੰਬਾਂ ਤੇ ਤੂਤਾਂ ਦੀ ਠੰਢੀ ਠੰਢੀ ਛਾਂ, ਕੋਈ ਪ੍ਰਦੇਸੀ ਜੋਗੀ ਆ ਨੀ ਲੱਥੇ।
ਅੱਜ ਅਨੇਕ ਰੁੱਖਾਂ ਬਾਰੇ ਬੋਲੀਆਂ ਹਨ। ਧਰਤੀ ’ਤੇ ਜਿੰਨੇ ਵੱਧ ਰੁੱਖ ਹੋਣਗੇ, ਉਨੀ ਹੀ ਵਧ ਰਹੀ ਆਬਾਦੀ ਨੂੰ ਆਕਸੀਜਨ ਪ੍ਰਾਪਤ ਹੋ ਸਕੇਗੀ ਅਤੇ ਪਸ਼ੂਆਂ ਦਾ ਆਵਾਸ ਯਕੀਨੀ ਹੋ ਸਕੇਗਾ ਕਿਉਂਕਿ ਜੇਕਰ ਮਨੁੱਖ ਆਲੀਸ਼ਾਨ ਇਮਾਰਤ ਦੀ ਉਸਾਰੀ ਲਈ ਜੰਗਲਾਂ ਦੀ ਕਟਾਈ ਦਾ ਅਧਿਕਾਰ ਰੱਖਦਾ ਹੈ ਤਾਂ ਅਜੋਕੇ ਮਨੁੱਖ ਦੀ ਲੋਭੀ ਸੋਚ ਕਾਰਨ ਅਵਾਰਾ ਪਸ਼ੂਆਂ ਨੂੰ ਵੀ ਰੁੱਖਾਂ ਦੇ ਰੂਪ ਵਿੱਚ ਸਿਰ ਢਕਣ ਦਾ ਹੱਕ ਹੈ। ਬਿਰਖ ਦੀ ਗੁਰਬਾਣੀ ਅਨੁਸਾਰ ਪਸ਼ੂਆਂ ਦਾ ਪ੍ਰਕਿਰਤਕ ਘਰ ਹਨ। ਜਿਵੇਂ:
‘‘ਬਿਰਖੈ ਹੇਠ ਸਭ ਜੰਤ ਇਕੱਠੇ’’
ਸਮਝਦਾ ਹੋਇਆ ਵੀ ਇਹ ਮਨੁੱਖ ਰੁੱਖਾਂ ਦੀ ਬੇਤਹਾਸ਼ਾ ਕਟਾਈ ਕਰ ਰਿਹਾ ਹੈ, ਜਿਸ ਨਾਲ ਕਾਰਬਨ ਡਾਈਆਸਾਈਡ ਦੀ ਮਾਤਰਾ ਵੱਧ ਰਹੀ ਹੈ। ਦੂਜੇ ਪਾਸੇ ਮਨੁੱਖ ਜੀਵਨ ਮਾਰੂ ਗੈਸਾਂ ਵਿੱਚ ਲਗਾਤਾਰ ਵਾਧਾ ਕਰੀ ਜਾ ਰਿਹਾ ਹੈ। ਝੋਨੇ ਦੀ ਪਰਾਲੀ ਨੂੰ ਅੱਗ ਬੜੀ ਮਾਰੂ ਸਾਬਤ ਹੋ ਰਹੀ ਹੈ। ਅੱਜ-ਕੱਲ੍ਹ ਅਸਮਾਨੀ ਧੁੰਦ ਕੁਦਰਤੀ ਧੁੰਦ ਨਾਲੋਂ ਕੁਝ ਵੱਖਰੀ ਹੈ। ਸ਼ਾਮ ਟਾਈਮ ਸਕੂਟਰ ’ਤੇ ਜਾਂ ਸਾਈਕਲ ’ਤੇ ਜਾਂਦਿਆਂ ਅੱਖਾਂ ਵਿੱਚ ਜਲਣ ਮਹਿਸੂਸ ਹੋ ਰਹੀ ਹੁੰਦੀ ਹੈ। ਬੇਸ਼ੱਕ ਸਰਕਾਰੀ ਪੱਧਰ ’ਤੇ ਕਾਨੂੰਨਾਂ ਦੀ ਵਿਵਸਥਾ ਕੀਤੀ ਗਈ ਹੈ, ਪ੍ਰੰਤੂ ਕੋਈ ਇਸ ਦੀ ਪ੍ਰਵਾਹ ਨਹੀਂ ਕਰਦਾ। ਜਿੰਨੀ ਦੇਰ ਇਨ੍ਹਾਂ ਕਾਨੂੰਨਾਂ ਅਧੀਨ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਇਹ ਮਨੁੱਖ ਕੰਟਰੋਲ ਵਿੱਚ ਨਹੀਂ ਆ ਸਕਦਾ। ਪ੍ਰਦੂਸ਼ਤ ਵਾਤਾਵਰਣ ਨੂੰ ਕੁਝ ਹੱਦ ਤੱਕ ਸਾਫ-ਸੁਥਰਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣਾ ਚਾਹੀਦਾ ਹੈ।
ਕਈ ਸਮਾਜ ਸੇਵੀ ਸੰਸਥਾਵਾਂ ਵੀ ਯੋਗਦਾਨ ਪਾ ਰਹੀਆਂ ਹਨ। ਕਾਰ ਸੇਵਾ ਕਰਨ ਵਾਲੇ ਮਹਾਪੁਰਸ਼ ਮੁਫਤ ਬੂਟੇ ਵੰਡ ਰਹੇ ਹਨ ਅਤੇ ਨੰਨੀ ਛਾਂ ਪ੍ਰਾਜੈਕਟ ਹੇਠ ਵੀ ਲੱਖਾਂ ਦੀ ਗਿਣਤੀ ਵਿੱਚ ਬੂਟੇ ਵੰਡੇ ਜਾ ਰਹੇ ਹਨ। ਪਿੰਡ ਵਾਲਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੰਚਾਇਤੀ ਜ਼ਮੀਨ ਅਤੇ ਸੜਕਾਂ ’ਤੇ ਰੁੱਖ ਲਾਉਣ, ਪ੍ਰੰਤੂ ਲੋੜ ਹੈ …………… ਇਨ੍ਹਾਂ ਲਗਾਏ ਰੁੱਖਾਂ ਦੀ ਪੂਰਨ ਸੰਭਾਲ ਵੀ ਹੋਵੇ ਤਾਂ ਹੀ ਅਸਲੀ ਉਦੇਸ਼ ਦੀ ਪ੍ਰਾਪਤੀ ਸੰਭਵ ਹੈ। ਬੂਟਿਆਂ ਨੂੰ ਪੁੱਤਾਂ ਵਾਂਗ ਪਾਲਣ ਦੀ ਲੋੜ ਹੈ ਅਤੇ ਮਾਂ ਵਾਂਗ ਸਤਿਕਾਰਨ ਦੀ ਲੋੜ ਹੈ। ਰੁੱਖਾਂ ਨੂੰ ਲਾਉਣਾ ਤਾਂ ਬਹੁਤ ਸੌਖਾ ਹੈ, ਪਰ ਸਾਂਭ-ਸੰਭਾਲ ਨਾ ਕਰਨ ਕਰਕੇ ਇਹ ਸੁੱਕ-ਸੜ ਜਾਂਦੇ ਹਨ। ਆਓ ਇਨ੍ਹਾਂ ਦੀ ਸੰਭਾਲ ਕਰਨ ਦਾ ਪ੍ਰਣ ਕਰੀਏ!
‘‘ਇਨ੍ਹਾਂ ਰੁੱਖਾਂ ਦੀ ਠੰਢੀ-ਠੰਢੀ ਛਾਂ, ਤੇ ਹੋਰ ਕਿਤੋਂ ਮਿਲਦੀ ਵੀ ਨਾ।
ਇਨ੍ਹਾਂ ਨੂੰ ਘੁੱਟ-ਘੱਟ ਗਲ ਨਾਲ ਲਾਵਾਂ,
ਇਹ ਪਿਆਰ ਕਿਤੋਂ ਮਿਲਦਾ ਵੀ ਨਾ।’’
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ