ਸਾਡੇ ਘਰ ਜਦੋਂ ਵੀ ਖੋਏ ਦੀਆਂ ਪਿੰਨੀਆਂ ਬਣਦੀਆਂ ਤਾਂ ਅਸੀਂ ਘਰ ਦੇ ਜੁਆਕ ਪਿੰਨੀਆਂ ਦੇ ਥਾਲ ਦੇ ਆਲੇ ਦੁਆਲੇ ਗੇੜੇ ਦੇਣ ਲੱਗ ਜਾਂਦੇ। ਉਨ੍ਹਾਂ ਦੀ ਖ਼ੁਸ਼ਬੂ ਹੀ ਸਾਨੂੰ ਦੂਰੋਂ ਖਿੱਚ ਲਿਆਉਂਦੀ। ਘਰ ਦੇ ਕਈ ਵਾਰ ਲੁਕੋ ਕੇ ਵੀ ਰੱਖਦੇ, ਪਰ ਅਸੀਂ ਉਨ੍ਹਾਂ ਦੀਆਂ ਸਾਰੀਆਂ ਥਾਵਾਂ ਦੇ ਭੇਤੀ ਸੀ। ਜੇ ਨਾਨੀ ਨੇ ਆਉਣਾ ਹੁੰਦਾ ਤਾਂ ਪਹਿਲੀ ਫਰਮਾਇਸ਼ ਪਿੰਨੀਆਂ ਦੀ ਹੁੰਦੀ। ਖ਼ੁਰਾਕ ਉਦੋਂ ਇੱਕ ਅਹਿਮ ਹਿੱਸਾ ਸੀ।
ਪੰਜਾਬ ਦੇ ਜੁਝਾਰੂ ਇਤਿਹਾਸ ਦਾ ਅਹਿਮ ਪਹਿਲੂ ਹੈ ਕਿ ਪੰਜਾਬ ਦਾ ਖਾਣ ਪੀਣ ਇਸ ਦਾ ਅਹਿਮ ਹਿੱਸਾ ਹੈ।ਮਹਿਮਾਨ ਨਿਵਾਜ਼ੀ ਤੇ ਚੰਗੀ ਖ਼ੁਰਾਕ ਨਾਲ ਆਏ ਗਏ ਦਾ ਸਵਾਗਤ ਕਰਨਾ ਪੰਜਾਬੀ ਘਰਾਂ ਦੀ ਰੀਤ ਹੈ। ਪੰਜਾਬ ਵਿੱਚ ਦੁੱਧ ਤੇ ਪੁੱਤ ਦੀ ਸੰਭਾਲ ਜ਼ਰੂਰੀ ਮੰਨੀ ਗਈ ……… ਖੇਤੀ ਇੱਕ ਅਹਿਮ ਕਿੱਤਾ ਹੋਣ ਕਾਰਨ ਖ਼ੁਰਾਕ ਜਾਂ ਖਾਣ ਪੀਣ ਇੱਥੇ ਅਹਿਮ ਹੈ। ਸਰਦੀ ਵਿੱਚ ਖੋਏ ਦੀਆਂ ਪਿੰਨੀਆਂ, ਗੁੜ ਛੋਲਿਆਂ ਦੇ ਲੱਡੂ ਅਤੇ ਤਿਲਾਂ ਦੇ ਲੱਡੂ ਘਰਾਂ ਵਿੱਚ ਆਮ ਬਣਾਏ ਜਾਂਦੇ ਹਨ। ਨਾਨਕੇ ਘਰ ਤੋਂ ਵੀ ਇਹ ਚੀਜ਼ਾਂ ਖਾਣ ਪੀਣ ਨੂੰ ਭੇਜੀਆਂ ਜਾਂਦੀਆਂ।
ਹੁਣ ਸਰੀਰਿਕ ਮਿਹਨਤ ਘਟ ਗਈ ਹੈ। ਖਾਣ ਦੇ ਢੰਗ ਬਦਲ ਗਏ ਹਨ। ਘਰ ਬਣੀ ਚੀਜ਼ ਦਾ ਮਹੱਤਵ ਘਟ ਰਿਹਾ ਹੈ। ਨਾਨਕੇ ਆਏ ਬੱਚੇ ਨਾਨੀ ਦੀਆਂ ਬਣਾਈਆਂ ਪਿੰਨੀਆਂ ਨਹੀਂ ਖਾਂਦੇ, ਉਹ ਚਿਪਸ, ਕੁਲਚੇ ਜਾਂ ਸਮੋਸੇ ਖਾ ਕੇ ਖ਼ੁਸ਼ ਹਨ। ਉਨ੍ਹਾਂ ਦੇ ਖਾਣ ਪੀਣ ਦੇ ਮਾੜੇ ਚਲਣ ਨਾਲ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਰਹੀ ਹੈ। ਅੱਜਕੱਲ੍ਹ ਬੱਚਿਆਂ ਨੂੰ ਪੌਸ਼ਟਿਕ ਤੇ ਪਰੰਪਰਿਕ ਖਾਣੇ ਨਾਲ ਜੋੜਨਾ ਮਾਂ ਬਾਪ ਲਈ ਵੱਡੀ ਸਿਰਦਰਦੀ ਬਣ ਰਿਹਾ ਹੈ। ਰੋਜ਼ ਸਵੇਰੇ ਸਕੂਲ ਜਾਂਦਿਆਂ ਨੂੰ ਬਹੁਤੀ ਵਾਰ ਧੱਕੇ ਨਾਲ ਇੱਕ ਅੱਧਾ ਪਰੌਂਠਾ ਖਵਾਇਆ ਜਾਂਦਾ ……… ਖੋਏ ਦੀਆਂ ਪਿੰਨੀਆਂ, ਬਦਾਮ ਗਿਰੀ ਜਾਂ ਸ਼ੱਕਰ ਪਾ ਕੇ ਕੁੱਟੀ ਚੂਰੀ ਦੇਖ ਕੇ ਉਹ ਨੱਕ ਬੁੱਲ੍ਹ ਟੇਰਦੇ ਹਨ। ਉਹ ਦੁੱਧ ਤਾਂ ਪੀਣਗੇ, ਪਰ ਬੌਰਨਵੀਟਾ ਪਾ ਕੇ। ਦਾਲ ਸਬਜ਼ੀ ਵਿੱਚ ਘਿਓ ਦੀ ਥਾਂ ਉਹ ਬਾਜ਼ਾਰੀ ਮੱਖਣ ਦੀ ਟਿੱਕੀ ਪਸੰਦ ਕਰਦੇ ਹਨ। ਸੈਂਡਵਿਚ, ਨੂਡਲਜ਼ ਤੇ ਬਰਗਰਾਂ ਨੇ ਉਨ੍ਹਾਂ ਨੂੰ ਵਰਗਲਾ ਲਿਆ ……… ਚਿਪਸ ਦਾ ਪੈਕੇਟ ਜੇਕਰ ਉਨ੍ਹਾਂ ਦੇ ਹੱਥ ਵਿੱਚ ਹੋਵੇ ਤਾਂ ਉਹ ਖਿੜ ਜਾਂਦੇ ਹਨ। ਕਈ ਮਾਂ ਬਾਪ ਆਪ ਵੀ ਇਸ ਤਰ੍ਹਾਂ ਦੇ ਖਾਣ ਪੀਣ ਨੂੰ ਪਸੰਦ ਕਰਦੇ ਹਨ ਤਾਂ ਬੱਚਿਆਂ ਨੇ ਤਾਂ ਨਕਲ ਕਰਨੀ ਹੀ ਹੈ।
ਹੁਣ ਕੁਝ ਸਕੂਲਾਂ ਵਿੱਚ ਫਾਸਟ ਫੂਡ ਨਾ ਖਾਣ ਬਾਰੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ, ਪਰ ਵਿਵਹਾਰਕ ਰੂਪ ਵਿੱਚ ਇਹ ਇੱਕ ਡਰਾਮਾ ਸਾਬਤ ਹੋ ਰਹੀ ਹੈ। ਬੱਚਿਆਂ ਦੀ ਅਰੋਗ ਸ਼ਕਤੀ ਦਿਨ ਬ ਦਿਨ ਘਟ ਰਹੀ ਹੈ। ਸਾਹ, ਮੋਟਾਪਾ, ਦਿਲ ਤੇ ਅੱਖਾਂ ਨਾਲ ਸਬੰਧਿਤ ਰੋਗ ਵਧ ਰਹੇ ਹਨ। ਜਣੇਪੇ ਤੋਂ ਬਾਅਦ ਔਰਤਾਂ ਵਿੱਚ ਪੰਜੀਰੀ ਖਾਣ ਦੀ ਸ਼ਕਤੀ ਨਹੀਂ ਰਹੀ। ਜੇ ਖਾ ਵੀ ਲੈਂਦੀਆਂ ਹਨ ਤਾਂ ਉਨ੍ਹਾਂ ਨੂੰ ਤੇ ਨਵਜੰਮੇ ਬੱਚੇ ਨੂੰ ਅਫਰੇਵੇਂ ਤੇ ਗੈਸ ਦੀ ਸ਼ਿਕਾਇਤ ਆਮ ਹੈ। ਸਰੀਰਿਕ ਕੰਮ ਹੁਣ ਰਿਹਾ ਨਹੀਂ ………. ਫਾਸਟ ਫੂਡ ਤੇ ਗੋਲਗੱਪੇ ਖਾਣ ਵਾਲੇ ਸਰੀਰ ਪੰਜੀਰੀ ਕਿਵੇਂ ਹਜ਼ਮ ਕਰਨਗੇ। ਉਨ੍ਹਾਂ ਨੂੰ ਵੀ ਹਜ਼ਮ ਕਰਨ ਲਈ ਕੋਲਡ ਡਰਿੰਕ ਪੀਣਾ ਪੈਂਦਾ ਹੈ।
ਇਹ ਗੱਲ ਵੀ ਠੀਕ ਹੈ ਕਿ ਸਮੇਂ ਦੇ ਨਾਲ ਨਾਲ ਸਰੀਰਿਕ ਕੰਮ ਕਰਨ ਦੇ ਢੰਗ ਬਦਲੇ ਹਨ। ਜ਼ੋਰ ਵਾਲਾ ਬਹੁਤਾ ਕੰਮ ਮਸ਼ੀਨਾਂ ਨਾਲ ਹੋਣ ਲੱਗਿਆ ਹੈ, ਪਰ ਸਿਹਤ ਦੇ ਮਾਮਲੇ ਵਿੱਚ ਧਿਆਨ ਨਾ ਦੇਣਾ ਇੱਕ ਵੱਡੀ ਅਣਗਹਿਲੀ ਹੈ। ਬੱਚੇ ਤੇ ਨੌਜਵਾਨ ਸਰੀਰਿਕ ਤੌਰ ’ਤੇ ਸੰਤੁਲਿਤ ਰੂਪ ਵਿੱਚ ਵਿਕਸਿਤ ਹੋਣ, ਇਸ ਲਈ ਉਨ੍ਹਾਂ ਦੇ ਅਕਾਦਮਿਕ ਵਿਕਾਸ ਦੇ ਨਾਲ ਨਾਲ ਸਿਹਤ ਵੱਲ ਵੀ ਧਿਆਨ ਦਿਵਾਉਣਾ ਜ਼ਰੂਰੀ ਹੈ। ਮਾਂ ਬਾਪ ਵੀ ਬੱਚਿਆਂ ਦੀਆਂ ਖਾਣ ਦੀਆਂ ਆਦਤਾਂ ਲਈ ਵੱਡੇ ਪੱਧਰ ’ਤੇ ਦੋਸ਼ੀ ਹਨ। ਉਨ੍ਹਾਂ ਨੂੰ ਪਹਿਲਾਂ ਆਪਣਾ ਖਾਣ ਪੀਣ ਦਾ ਢੰਗ ਸੁਧਾਰਨਾ ਚਾਹੀਦਾ ਹੈ। ਉਹ ਆਪਣੇ ਬੱਚਿਆਂ ਲਈ ਮਿਸਾਲ ਬਣਨ, ਵਿਸ਼ੇਸ਼ ਤੌਰ ’ਤੇ ਮਾਵਾਂ।
ਅਕਸਰ ਹੀ ਮਾਪੇ ਅਧਿਆਪਕ ਸਭਾ ਵਿੱਚ ਪਹਿਲੀ ਦੂਜੀ ਵਿੱਚ ਪੜ੍ਹਦੇ ਬੱਚਿਆਂ ਦੇ ਮਾਂ ਬਾਪ ਆਪਣੇ ਬੱਚਿਆਂ ਦੇ ਅੰਕ ਜਾਂ ਗ੍ਰੇਡ ਨੂੰ ਲੈ ਕੇ ਲੋੜੋਂ ਵੱਧ ਚਿੰਤਤ ਹੁੰਦੇ ਹਨ ਤੇ ਉਹ ਬੱਚਿਆਂ ਉੱਪਰ ਇੱਕ ਕਿਸਮ ਦਾ ਤਣਾਅ ਲੱਦੀ ਰੱਖਦੇ ਹਨ। ਅਧਿਆਪਕ ਨਾਲ ਵੀ ਇੱਕ ਇੱਕ ਨੰਬਰ ਨੂੰ ਲੈ ਕੇ ਬੱਚਿਆਂ ਵਾਂਗੂ ਬਹਿਸ ਕਰਦੇ ਹਨ। ਉਨ੍ਹਾਂ ਦੇ ਬੱਚੇ ਡਰੇ ਸਹਿਮੇ ਉਨ੍ਹਾਂ ਦੀ ਫੋਕੀ ਟੌਹਰ ਦਾ ਸ਼ਿਕਾਰ ਹੁੰਦੇ ਹਨ। ਬਹੁਤ ਘੱਟ ਮਾਂ ਬਾਪ ਹੁੰਦੇ ਹਨ ਜੋ ਬੱਚਿਆਂ ਦੀਆਂ ਖੇਡਾਂ ਜਾਂ ਖ਼ੁਰਾਕ ਨੂੰ ਲੈ ਕੇ ਕੋਈ ਸਵਾਲ ਕਰਨ। ਅਸੀਂ ਇਸ ਤਰ੍ਹਾਂ ਦਾ ਵਿਵਹਾਰ ਕਰਕੇ ਬੱਚਿਆਂ ਤੋਂ ਨਾ ਕੇਵਲ ਉਨ੍ਹਾਂ ਦਾ ਬਚਪਨ ਖੋਹ ਰਹੇ ਹਾਂ ਬਲਕਿ ਉਨ੍ਹਾਂ ਦੇ ਕੁਦਰਤੀ ਵਿਕਾਸ ਵਿੱਚ ਵੀ ਇੱਕ ਵੱਡੀ ਮਾਨਸਿਕ ਤੇ ਸਰੀਰਿਕ ਅੜਚਣ ਪੈਦਾ ਕਰ ਰਹੇ ਹਾਂ। ਸਾਨੂੰ ਆਪਣਾ ਬਚਪਨ ਯਾਦ ਰੱਖਣਾ ਚਾਹੀਦਾ ਹੈ। ਜੇਕਰ ਉਸਨੂੰ ਯਾਦ ਕਰੋ ਤਾਂ ਸ਼ਾਇਦ ਤੁਸੀਂ ਬੱਚਿਆਂ ਦਾ ਦਰਦ ਸਮਝ ਸਕੋਗੇ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ